ਡਾ. ਹਰਜੋਤ ਦੇ ਯਤਨਾਂ ਨੂੰ ਪਿਆ ਬੂਰ, ਆਯੂਸ਼ ਹਸਪਤਾਲ ਅਤੇ ਟਰੋਮਾ ਸੈਂਟਰ ਲਈ ਜ਼ਮੀਨ ਸਿਹਤ ਵਿਭਾਗ ਦੇ ਨਾਮ ਹੋਈ ਟਰਾਂਸਫਰ ,ਡਾ. ਹਰਜੋਤ ਕਮਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦੀ ਕੀਤਾ ਧੰਨਵਾਦ
ਮੋਗਾ, 7 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਆਯੂਸ਼ ਹਸਪਤਾਲ ਅਤੇ ਟਰੋਮਾ ਸੈਂਟਰ ਲਈ ਮਿਉਸੀਪਲ ਕਾਰਪੋਰੇਸ਼ਨ ਦੀ 12 ਕਨਾਲ ਜਮੀਨ ਜੋ ਉਨਾਂ ਨੇ ਸਥਾਨਕ ਸਰਕਾਰਾਂ ਮੰਤਰੀ ਜੀ ਨੂੰ ਸਿਹਤ ਵਿਭਾਗ ਦੇ ਨਾਮ ਮੁਫ਼ਤ ਤਬਦੀਲ ਕਰਨ ਦੀ ਗੁਜ਼ਾਰਿਸ਼ ਕੀਤੀ ਸੀ, ਉਸਨੂੰ ਮਨਜ਼ੂਰ ਕਰਨ ਲਈ ਸ਼੍ਰੀ ਬ੍ਰਹਮ ਮਹਿੰਦਰਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਨੂੰ ਸਿਰਫ਼ ਦੋ ਹੀ ਟਰੋਮਾ ਸੈਂਟਰ ਮਿਲੇ ਸਨ, ਜਿਨਾਂ ਵਿੱਚੋਂ 1 ਡੇਰਾਬਸੀ ਅਤੇ ਦੂਸਰਾ ਉਸ ਵੇਲੇ ਦੇ ਸਿਹਤ ਮੰਤਰੀ ਜੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਮੋਗਾ ਲਈ ਮਨਜ਼ੂਰ ਕਰਵਾਇਆ ਸੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਡਾਕਟਰ ਹੋਣ ਦੇ ਨਾਤੇ ਉਹ ਇਸ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਮੋਗਾ ਦਾ ਸਿਵਲ ਹਸਪਤਾਲ ਬਾਜ਼ਾਰ ਵਿੱਚ ਹੋਣ ਕਾਰਨ ਐਂਮਰਜੈਂਸੀ ਅਤੇ ਐਕਸੀਡੈਂਟਲ ਕੇਸਾਂ ਵਿੱਚ ਮਰੀਜ਼ਾਂ ਨੂੰ ਹਸਪਤਾਲ ਤੱਕ ਲਿਜਾਣ ਜਾਂ ਰੈਫ਼ਰ ਕਰਨ ਤੇ ਵਾਪਿਸ ਆਉਣ ਤੱਕ ਟ੍ਰੈਫਿਕ ਸਮੱਸਿਆ ਕਾਰਨ ਬਹੁਤ ਦੇਰ ਹੋ ਜਾਂਦੀ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਚਲੀਆਂ ਜਾਦੀਆਂ ਹਨ। ਇਸ ਲਈ ਟਰੋਮਾ ਸੈਂਟਰ ਅਤੇ ਆਯੂਸ਼ ਹਸਪਤਾਲ ਜੀ.ਟੀ. ਰੋਡ ਉੱਪਰ ਬਣਾਉਣ ਦੀ ਬਹੁਤ ਜਰੂਰਤ ਸੀ, ਤਾਂਕਿ ਐਮਰਜੈਂਸੀ ਅਤੇ ਐਕਸੀਡੈਂਟਲ ਕੇਸਾਂ ਵਿੱਚ ਮਰੀਜਾਂ ਨੂੰ ਸਮੇਂ ਰਹਿੰਦੇ ਹੀ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ ਅਤੇ ਕਮੀਤੀ ਜਾਨਾਂ ਬਚਾਈਆਂ ਜਾ ਸਕਣ। ਉਨਾਂ ਦੱਸਿਆ ਕਿ ਮੋਗਾ ਵਿਖੇ ਬਣਨ ਵਾਲੇ ਆਯੂਸ਼ ਹਸਪਤਾਲ ਅਤੇ ਟਰੋਮਾ ਸੈਂਟਰ ਦੀ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਟੈਂਡਰ ਲਗਾ ਕੇ ਇਸਦਾ ਠੇਕਾ ਵੀ ਦਿੱਤਾ ਜਾ ਚੁੱਕਾ ਹੈ ਅਤੇ 6.50 ਕਰੋੜ ਰੁਪਏ ਵੀ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਉਨਾਂ ਨੇ ਟਰੋਮਾ ਸੈਂਟਰ ਅਤੇ ਆਯੂਸ਼ ਹਸਪਤਾਲ ਬਣਾਉਣ ਲਈ ਕਾਰਪੋਰੇਸ਼ਨ ਤੋਂ ਜ਼ਮੀਨ ਦੀ ਮੰਗ ਕੀਤੀ ਸੀ, ਜਿਸਤੇ ਕਾਰਪੋਰੇਸ਼ਨ ਵਲੋਂ ਡੀ.ਸੀ. ਰੇਟ ਤੇ ਜ਼ਮੀਨ ਤਬਦੀਲ ਕਰਨ ਲਈ ਸਹਿਮਤੀ ਦਿੱਤੀ ਗਈ ਸੀ। ਡਾ. ਹਰਜੋਤ ਨੇ ਕਿਹਾ ਕਿ ਜੇਕਰ ਡੀ.ਸੀ. ਰੇਟ ਤੇ ਜ਼ਮੀਨ ਖਰੀਦਣੀ ਪੈਂਦੀ ਤਾਂ ਹਸਪਤਾਲ ਬਣਾਉਣ ਤੇ ਖਰਚ ਹੋਣ ਵਾਲੀ ਰਾਸ਼ੀ ਦਾ ਬਹੁਤ ਵੱਡਾ ਹਿੱਸਾ ਜ਼ਮੀਨ ਖਰੀਦਣ ਵਿੱਚ ਹੀ ਖਰਚ ਹੋ ਜਾਣਾ ਸੀ, ਜਦਕਿ ਉਨਾਂ ਨੇ ਕਾਰਪੋਰੇਸ਼ਨ ਨੂੰ ਇਹ ਸੁਝਾਅ ਦਿੱਤਾ ਸੀ ਕਿ ਇਹ ਪ੍ਰੋਜੈਕਟ ਅਤੇ ਜ਼ਮੀਨ ਦੋਵੇਂ ਪੰਜਾਬ ਸਰਕਾਰ ਦੇ ਹੀ ਹਨ, ਇਸ ਲਈ ਜ਼ਮੀਨ ਮੁਫ਼ਤ ਵਿੱਚ ਸਿਹਤ ਵਿਭਾਗ ਦੇ ਨਾਮ ਤਬਦੀਲ ਕੀਤੀ ਜਾਣੀ ਚਾਹੀਦੀ ਹੈ। ਜਿਸਨੂੰ ਹੁਣ ਸਥਾਨਕ ਸਰਕਾਰਾਂ ਮੰਤਰੀ ਜੀ ਨੇ ਇਹ ਜ਼ਮੀਨ ਮੁਫ਼ਤ ਵਿੱਚ ਸਿਹਤ ਵਿਭਾਗ ਦੇ ਨਾਮ ਜ਼ਮੀਨ ਤਬਦੀਲ ਕਰ ਦਿੱਤੀ ਹੈ।