ਬ੍ਰਹਮ ਮਹਿੰਦਰਾ ਵਲੋਂ ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਸਿਹਤ ਵਿਭਾਗ ਨੂੰ ਮੁਫ਼ਤ ਦੇਣ ਲਈ ਮਨਜ਼ੂਰੀ, ਡਾ. ਹਰਜੋਤ ਦੀ ਮਿਹਨਤ ਲਿਆਈ ਰੰਗ,ਮੋਗਾ ਦੇ ਪਿੰਡ ਦੁੱਨੇਕੇ ‘ਚ ਬਣਾਇਆ ਜਾਵੇਗਾ 50 ਬੈੱਡਾਂ ਵਾਲਾ ਹਸਪਤਾਲ ਤੇ ਟਰੌਮਾ ਸੈਂਟਰ
ਚੰਡੀਗੜ, 6 ਅਕਤੂਬਰ:(ਇੰਟਰਨੈਸ਼ਨ ਪੰਜਾਬੀ ਨਿਊਜ਼): ਸਦਭਾਵਨਾ ਦੀ ਇੱਕ ਨਵੇਕਲੀ ਉਦਾਹਰਣ ਪੇਸ਼ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਜ਼ਿਲਾ ਮੋਗਾ ਦੇ ਪਿੰਡ ਦੁੱਨੇਕੇ ਵਿੱਚ 50 ਬੈੱਡਾਂ ਦਾ ਹਸਪਤਾਲ ਤੇ ਟਰੌਮਾ ਸੈਂਟਰ ਬਣਾਉਣ ਲਈ ਬਿਲਕੁਲ ਮੁਫ਼ਤ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਸੂਬੇ ਦੇ ਪੱਛੜੇ ਇਲਾਕੇ ਨੂੰ ਉੱਚ ਪੱਧਰ ਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਜਨਤਕ ਹਿੱਤਾਂ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਪੱਛੜੇ ਇਲਾਕੇ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੰਤਰੀ ਨੇ ਜੀ.ਟੀ. ਰੋਡ ਨਾਲ ਲਗਦੀ ਇਹ ਅਹਿਮ ਜ਼ਮੀਨ ਸਿਹਤ ਵਿਭਾਗ ਨੂੰ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਮੁੱਦੇ ’ਤੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਅਤੇ ਟਰੌਮਾ ਸੈਂਟਰ ਦੇ ਨਿਰਮਾਣ ਲਈ ਮੈਮੋਰੈਂਡਮ ਮਿਲਣ ’ਤੇ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਵਲੋਂ ਲੋੜੀਂਦੀ ਜ਼ਮੀਨ ਦੀ ਚੋਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ ਪਿੰਡ ਦੁੱਨੇਕੇ ਵਿੱਚ 12 ਕਨਾਲ ਦਾ ਇੱਕ ਟੱਕ ਚੁਣਿਆ ਸੀ ਜਿਸ ਵਿੱਚੋਂ 5 ਕਨਾਲ ਜ਼ਮੀਨ ਵਿੱਚ 50 ਬੈੱਡਾਂ ਦਾ ਆਯੂਸ਼ ਹਸਪਤਾਲ ਬਣਾਉਣ ਅਤੇ ਬਾਕੀ 7 ਸੱਤ ਕਨਾਲ ਵਿੱਚ ਟਰੌਮਾ ਸੈਂਟਰ ਬਣਾਉਣ ਦੀ ਤਜ਼ਵੀਜ਼ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਨੇ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਪਾਲਣਾ ਕਰਦਿਆਂ ਇਸ ਜ਼ਮੀਨ ਨੂੰ ਕੁਲੈਕਟਰ ਰੇਟ ’ਤੇ ਵੇਚਣ ਦਾ ਮਤਾ ਪੇਸ਼ ਕੀਤਾ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਮੋਗਾ ਦੇ ਵਿਧਾਇਕ ਡਾ. ਹਰਜੋਤ ਕੰਵਲ ਨੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਤੱਕ ਪਹੰੁਚ ਕੀਤੀ ਅਤੇ ਮੰਤਰੀ ਨੂੰ ਇਲਾਕੇ ਵਿੱਚ ਹਸਪਤਾਲ ਤੇ ਟਰੌਮਾ ਸੈਂਟਰ ਦੀ ਵਡਮੁੱਲੀ ਜ਼ਰੂਰਤ ਤੋਂ ਜਾਣੂ ਕਰਵਾਇਆ। ਉਨਾਂ ਮੰਤਰੀ ਨੂੰ ਇਹ ਲੋੜੀਂਦੀ ਜ਼ਮੀਨ ਮੁਫ਼ਤ ਦੇਣ ਲਈ ਬੇਨਤੀ ਕੀਤੀ ਸੀ । ਮੰਤਰੀ ਨੇ ਪੱਛੜੇ ਇਲਾਕੇ ਦੇ ਲੋਕਾਂ ਨੂੰ ਵਧੀਆ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਮੱਦੇਨਜ਼ਰ ਇਸ ਮੰਗ ਨੂੰ ਸਵੀਕਾਰ ਕਰ ਲਿਆ ਅਤੇ ਇਹ ਮਹੱਤਵਪੂਰਨ ਜ਼ਮੀਨ ਸਿਹਤ ਵਿਭਾਗ ਨੂੰ ਬਿਲਕੁਲ ਮੁਫ਼ਤ ਦੇਣ ਸਬੰਧੀ ਹੁਕਮ ਦੇ ਦਿੱਤੇ।