ਸਵੀਪ ਤਹਿਤ ਲਗਾਇਆ ਗਿਆ ਵੋਟਰ ਵੈਰੀਫਿਕੇਸ਼ਨ ਜਾਗਰੂਕਤਾ ਕੈਪ

ਮੋਗਾ 4 ਅਕਤੂਬਰ:(ਜਸ਼ਨ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਤਹਿਤ ਵੋਟਰ ਸੂਚੀ ਨੂੰ ਸੌ ਫੀਸਦੀ ਸ਼ੁੱਧ ਬਣਾਉਣ ਤੇ ਤਰੁੱਟੀ ਰਹਿਤ ਕਰਨ, ਯੋਗ ਵੋਟਰਾਂ ਦੀ ਵੋਟ ਬਣਾਉਣ ਅਤੇ ਸੰਭਾਵਿਤ ਵੋਟਰਾਂ ਸਬੰਧੀ ਸੂਚਨਾ ਤਿਆਰ ਕਰਨ ਲਈ ਇਲੈਕਟੋਰਲ ਵੈਰੀਫ਼ਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) 1 ਸਤੰਬਰ ਤੋ 15 ਅਕਤੂਬਰ, 2019 ਤੱਕ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਵਿਭਾਗਾਂ ਅਤੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਹਿੱਤ ਕੈਂਪ ਵੀ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਤਹਿਸੀਲਦਾਰ ਚੋਣਾਂ ਬਲਵਿੰਦਰ ਸਿੰਘ ਦੇ ਅਮਲੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੀ ਨਾਜ਼ਰ ਸ਼ਾਖਾ ਵਿੱਚ ਕੈਪ ਲਗਾ ਕੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸੇ ਤਰਾਂ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਵਿਖੇ ਵੀ ਜਾਗਰੂਕਤਾ ਕੈਪ ਲਗਾਇਆ ਗਿਆ। ਚੋਣ ਤਹਿਸੀਲਦਾਰ ਨੇ ਪ੍ਰੋਗਰਾਮ ਦੀ ਮਹੱਤਤਾ ਦੇ ਮੱਦੇਨਜ਼ਰ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਐਸ.ਪੀ.) ਜਾਂ ਵੋਟਰ ਹੈਲਪਲਾਇਨ ਮੋਬਾਈਲ ਐਪ ਰਾਹੀਂ ਵੀ ਆਪਣੀ ਵੋਟ ਨੂੰ ਚੈਕ ਕਰ ਸਕਦੇ ਹਨ ਤੇ ਆਪਣੀ ਵੋਟ ’ਚ ਕਿਸੇ ਵੀ ਤਰਾਂ ਦੀ ਤੁਰੱਟੀ ਵੀ ਦੂਰ ਕੀਤੀ ਜਾ ਸਕਦੀ ਹੈ। ਉਨਾਂ ਹੋਰ ਦੱਸਿਆ ਕਿ ਵੋਟਰ ਆਪਣੇ ਘਰ ਬੈਠ ਕੇ ਜਾਂ ਆਪਣੇ ਸਮਾਰਟ ਫੋਨ ਰਾਹੀਂ ਆਨ-ਲਾਇਨ ਖੁਦ ਦੀ ਵੋਟ ਅਤੇ ਆਪਣੇ ਪਰਿਵਾਰ ਦੀਆਂ ਵੋਟਾਂ ਐਨ.ਵੀ.ਐਸ.ਪੀ. ਪੋਰਟਲ ਜਾਂ ਵੋਟਰ ਹੈਲਪਲਾਇਨ ਮੋਬਾਈਲ ਐਪ ਰਾਹੀਂ ਵੈਰੀਫਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਵੋਟਰ ਆਪਣੀ ਵੋਟ ਸਬੰਧੀ ਕਿਸੇ ਵੀ ਤਰਾਂ ਦੀ ਤਰੁੱਟੀ ਨੂੰ ਖ਼ੁਦ ਦੂਰ ਕਰ ਸਕਦੇ ਹਨ।