ਪਰਜਾਪਤ ਬਰਾਦਰੀ ਦਾ ਦੂਸਰਾ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ, ਮਾਲਵਾ ਜੋਨ ਦੇ ਪ੍ਰਧਾਨ ਗੁਰਮੀਤ ਸਿੰਘ ਕਿੱਕਰਖੇੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ

ਸਾਦਿਕ 3 ਅਕਤੂਬਰ (ਰਘਬੀਰ ਪ੍ਰਜਾਪਤੀ ) :- ਹਰ ਸਾਲ ਦੀ ਤਰਾਂ ਇਸ ਵਾਰ ਵੀ ਸਥਾਨਕ ਬੱਲਾ ਰਾਮ ਨਗਰ ਵਿਖੇ ਸਥਿੱਤ ਪ੍ਰਜਾਪਤ ਧਰਮਸ਼ਾਲਾ ਵਿਖੇ ਪ੍ਰਜਾਪਤ (ਕੁਮਹਾਰ) ਵੈਲਫੇਅਰ ਸੁਸਾਇਟੀ ਵੱਲੋਂ ਹੁਸ਼ਿਆਰ ਅਤੇ ਹੋਣਹਾਰ ਬੱਚਿਆਂ ਦੇ ਕਰਵਾਏ ਗਏ ਦੂਸਰੇ ਸਲਾਨਾ ਇਨਾਮ ਵੰਡ ਮੌਕੇ ਮਹਿਮਾਨ ਪ੍ਰੋ. ਸਤਨਾਮ ਸਿੰਘ ਗੌਰਮਿੰਟ ਕਾਲਜ ਗੁਰਦਾਸਪੁਰ, ਰੁਪਿੰਦਰ ਸਿੰਘ ਐਮ.ਡੀ. (ਈ-ਸਕੂਲ) ਬਠਿੰਡਾ ਅਤੇ ਗੁਰਮੀਤ ਸਿੰਘ ਪਰਜਾਪਤੀ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸੁਸਾਇਟੀ ਦੇ ਪ੍ਰਧਾਨ ਹਰੀਕ੍ਰਿਸ਼ਨ ਨੇ ਸਮਾਗਮ ਮੌਕੇ ਆਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ। ਆਪਣੇ ਸੰਬੋਧਨ ਦੌਰਾਨ ਪ੍ਰੋ. ਸਤਨਾਮ ਸਿੰਘ ਅਤੇ ਰੁਪਿੰਦਰ ਸਿੰਘ ਨੇ ਜਿੱਥੇ ਬੱਚਿਆਂ ਨੂੰ ਉਸਾਰੂ ਸੋਚ, ਹਾਂਪੱਖੀ ਨਜਰੀਆ, ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਮਿਹਨਤ, ਇਮਾਨਦਾਰੀ, ਨਿਮਰਤਾ ਅਤੇ ਲਿਆਕਤ ਆਦਿਕ ਵਿਸ਼ਿਆਂ ਸਬੰਧੀ ਜਾਣੂ ਕਰਵਾਇਆ, ਉੱਥੇ ਉਨਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਮਿਹਨਤ ਕਰਨ ਵਾਲੇ ਬੱਚੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਜੱਜ, ਵਕੀਲ, ਡਾਕਟਰ, ਮਾਸਟਰ, ਇੰਜੀਨੀਅਰ ਆਦਿਕ ਰੁਤਬਿਆਂ ਤੱਕ ਪਹੁੰਚਣ 'ਚ ਕਾਮਯਾਬ ਹੋਏ ਹਨ। ਉਨਾਂ ਅੱਗੇ ਬੱਚਿਆਂ ਨੂੰ ਹਰ ਤਰਾਂ ਦੀਆਂ ਨੌਕਰੀਆਂ ਅਤੇ ਪੜਾਈ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਪ੍ਰੇਰਿਤ ਕਰਦਿਆਂ ਆਖਿਆ ਕਿ ਸੁਸਾਇਟੀ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨਾਂ ਆਖਿਆ ਕਿ ਗਰੀਬੀ ਕਦੇ ਵੀ ਪੜਾਈ ਦੇ ਰਾਹ 'ਚ ਰੋੜਾ ਨਹੀਂ ਬਣ ਸਕਦੀ। ਗੁਰਮੀਤ ਸਿੰਘ ਪ੍ਰਜਾਪਤੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅਨੁਸੂਚਿਤ ਜਾਤੀਆਂ ਨੂੰ ਉਨਾਂ ਦੀ ਆਬਾਦੀ ਅਨੁਸਾਰ ਦਾਖਲਿਆਂ ਅਤੇ ਸਰਕਾਰੀ ਨੌਕਰੀਆਂ 'ਚ ਪੂਰੀ ਪ੍ਰਤੀਨਿਧਤਾ ਦਿੱਤੀ ਗਈ ਹੈ ਪਰ ਆਜ਼ਾਦ ਭਾਰਤ ਦੀਆਂ ਲੋਕਤੰਤਰਿਕ ਸਰਕਾਰਾਂ ਨੇ ਪੱਛੜੇ ਵਰਗ ਨਾਲ ਭੇਦਭਾਵ ਭਰਿਆ ਸਲੂਕ ਕਰਦਿਆਂ ਦੇਸ਼ ਆਜ਼ਾਦ ਹੋਣ ਦੇ 73 ਸਾਲ ਬਾਅਦ ਵੀ ਆਬਾਦੀ ਅਨੁਸਾਰ ਪ੍ਰਤੀਨਿਧਤਾ ਨਹੀ ਦਿੱਤੀ ਗਈ।।ਪਛੜੇ ਵਰਗ ਨੂੰ ਆਬਾਦੀ ਅਨੁਸਾਰ ਪ੍ਰਤੀਨਿਧਤਾ ਦੇਣ ਲਈ ਪਹਿਲਾਂ 1953 'ਚ ਕਾਕਾ ਕਲੇਲਕਰ ਕਮਿਸ਼ਨ ਬਣਾਇਆ ਗਿਆ ਪਰ ਇਸ ਅਯੋਗ ਦੀਆਂ ਸ਼ਿਫਾਰਸਾਂ ਲਾਗੂ ਕੀਤੇ ਬਗੈਰ ਠੰਡੇ ਬਸਤੇ ਵਿੱਚ ਪਾ ਦਿੱਤਾ।।ਸੁਸਾਇਟੀ ਦੇ ਜਨਰਲ ਸਕੱਤਰ ਮਾ. ਰਾਜ ਕੁਮਾਰ ਵਰਮਾ ਨੇ ਸਟੇਚ ਸੰਚਾਲਕ ਦੀ ਭੂਮਿਕਾ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਈ। ਲੈਕ. ਰਤਨ ਸਿੰਘ, ਭੋਲਾ ਰਾਮ, ਸ਼੍ਰੀ ਹਰਪਾਲ, ਓਮ ਪ੍ਰਕਾਸ਼ ਨੇ ਦੱਸਿਆ ਕਿ ਪਹਿਲੀ ਤੋਂ ਬੀ.ਏ. ਤੱਕ ਦੇ 140 ਬੱਚੇ, ਖੇਡਾਂ 'ਚ ਮੱਲਾਂ ਮਾਰਨ ਵਾਲੇ 12 ਬੱਚੇ, ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ 3 ਬੱਚਿਆਂ ਸਮੇਤ ਕੁੱਲ 155 ਬੱਚਿਆਂ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ 'ਚ ਪ੍ਰੋ. ਸਤਨਾਮ ਸਿੰਘ, ਰੁਪਿੰਦਰ ਸਿੰਘ ਬਠਿੰਡਾ, ਗੁਰਮੀਤ ਸਿੰਘ ਪਰਜਾਪਤੀ ਅਤੇ ਪੱਤਰਕਾਰ ਟਿੰਕੂ ਕੁਮਾਰ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਬੱਚਿਆਂ ਨੂੰ ਸਨਮਾਨ ਚਿੰਨ ਦੇਣ ਦੀ ਸੇਵਾ ਮੁਕੇਸ਼ ਬੇਰੀਵਾਲਾ ਵਲੋਂ ਕਰਵਾਈ ਗਈ। ਅੰਤ 'ਚ ਨੱਥਾ ਰਾਮ ਬੇਰੀਵਾਲ ਨੇ ਆਏ ਹੋਏ ਮਹਿਮਾਨਾ ਅਤੇ ਪਰਜਾਪਤ ਸਮਾਜ ਦੇ ਸਾਰੇ ਵੀਰਾਂ/ਭੈਣਾ, ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਰੇਖਾ ਰਾਣੀ, ਡਾ. ਪ੍ਰੇਮ ਲਤਾ, ਕਮਲਾ ਦੇਵੀ, ਸ਼੍ਰੀਮਤੀ ਸਰੋਜ ਰਾਣੀ, ਰੇਖਾ ਰਾਣੀ ਆਦਿ ਦਾ ਵੀ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼੍ਰੀ ਗਿਆਨ ਚੰਦ, ਸ਼੍ਰੀ ਧਰਮਵੀਰ, ਸ਼੍ਰੀ ਬਾਲ ਮੁਕੰਦ, ਸ਼੍ਰੀ ਲਾਲ ਚੰਦ, ਮਨਦੀਪ ਕੁਮਾਰ, ਚੰਦਰ ਪ੍ਰਕਾਸ਼, ਬਲਵੀਰ ਚੰਦ, ਮੁਕੇਸ਼ ਕੁਮਾਰ ਸਮੇਤ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜਰ ਸਨ।