ਹਰਿਆਣਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਪਾਣੀਆਂ ਦੇ ਮੁੱਦੇ ਤੇ ਸਥਿਤੀ ਕਰੇ ਸਪਸ਼ਟ : ਬੈਂਸ

ਲੁਧਿਆਣਾ, 3 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : - ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਵਲੋਂ ਹਰਿਆਣਾ ਵਿੱਚ ਇਨੈਲੋ ਨਾਲ ਸਮਝੌਤਾ ਕਰਨ ਤੋਂ ਬਾਅਦ ਸਵਾਲ ਕੀਤਾ ਹੈ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਪਾਣੀਆਂ ਦੇ ਮੁੱਦੇ ਤੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ•ਾਂ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਸਟੈਂਡ ਸਬੰਧੀ ਪੰਜਾਬ ਅਤੇ ਹਰਿਆਣਾ ਦੇ ਲੋਕ ਭਲੀ ਭਾਂਤੀ ਜਾਣ ਚੁੱਕੇ ਹਨ, ਇਸ ਲਈ ਹਰਿਆਣਾ ਵਿੱਚ ਅਕਾਲੀ ਦਲ ਦੀ ਹਾਰ ਹੋਵੇਗੀ ਅਤੇ ਬਾਅਦ ਵਿੱਚ ਪੰਜਾਬ ਵਿੱਚ ਵੀ ਅਕਾਲੀ ਦਲ ਦਾ ਭੋਗ ਪੈ ਜਾਵੇਗਾ। ਵਿਧਾਇਕ ਬੈਂਸ ਅੱਜ ਆਪਣੇ ਦਫਤਰ ਵਿੱਖੇ ਪੱਤਰਕਾਰਾਂ ਨਾਲ ਅਕਾਲੀ ਦਲ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਹੋਏ ਸਮਝੋਤੇ ਤੇ ਗੱਲਬਾਤ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਵਲੋਂ ਇਕੱਤਰ ਹੋ ਕੇ ਜੋ ਹਰਿਆਣਾ ਦੇ ਚੌਟਾਲਾ ਪਰਿਵਾਰ ਨਾਲ ਮੀਟਿੰਗ ਕਰਕੇ ਹਰਿਆਣਾ ਵਿੱਚ ਇਨੈਲੋ ਨਾਲ ਸਮਝੌਤਾ ਕੀਤਾ ਗਿਆ ਹੈ, ਇਸ ਤੋਂ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਦੇ ਹਾਥੀ ਦੇ ਦੰਦਾਂ ਵਾਂਗ ਦਿਖਾਉਣ ਨੂੰ ਹੋਰ ਅਤੇ ਖਾਣ ਲਈ ਹੋਰ ਹਨ। ਪਹਿਲਾਂ ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਕਰਕੇ ਆਪਣੀ ਨੰਨੀ ਛਾਂ ਦੀ ਕੁਰਸੀ ਲਈ ਸਮਝੌਤਾ ਕੀਤਾ ਅਤੇ ਹੁਣ ਹਰਿਆਣਾ ਵਿੱਚ ਵੀ ਇਨੈਲੋ ਨਾਲ ਕੁਰਸੀ ਸਬੰਧੀ ਹੀ ਸਮਝੌਤਾ ਕੀਤਾ ਗਿਆ ਹੈ, ਜਦੋਂ ਕਿ ਅਕਾਲੀ ਦਲ ਨੂੰ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਹੈ ਅਤੇ ਇਹ ਪੰਜਾਬ ਵਿੱਚ ਹੋਰ ਅਤੇ ਹਰਿਆਣਾ ਵਿੱਚ ਜਾ ਕੇ ਪਾਣੀਆਂ ਸਬੰਧੀ ਹੋਰ ਵਿਚਾਰ ਰੱਖਦਾ ਹੈ, ਜਿਸ ਸਬੰਧੀ ਤੁਰੰਤ ਅਕਾਲੀ ਦਲ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਅਕਾਲੀ ਦਲ ਨੂੰ ਚੰਗੀ ਤਰਾਂ ਸਮਝ ਚੁੱਕੇ ਹਨ ਅਤੇ ਇਨ•ਾਂ ਦੀਆਂ ਨੀਤੀਆਂ ਸਬੰਧੀ ਵੀ ਜਾਣੂ ਹੋ ਚੁੱਕੇ ਹਨ ਅਤੇ ਹਰਿਆਣਾ ਵਿੱਚ ਅਕਾਲੀ ਦਲ ਦੀ ਵੱਡੀ ਹਾਰ ਹੋਵੇਗੀ ਜਦੋਂ ਕਿ ਪੰਜਾਬ ਵਿੱਚ ਵੀ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਮੂੰਹ ਭਾਰ ਡਿੱਗੇਗਾ, ਕਿਉਂਕਿ ਅਕਾਲੀ ਦਲ ਪਾਣੀ ਸਬੰਧੀ ਹਮੇਸ਼ਾਂ ਝੂਠ ਬੋਲਦਾ ਰਿਹਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਅਕਾਲੀ ਦਲ ਨੇ ਸਿਰਫ ਤੇ ਸਿਰਫ ਕੁਰਸੀ ਨੂੰ ਅਹਮਿਅਤ ਦਿੱਤੀ ਹੈ।


