‘‘ਜੈ ਜਵਾਨ ਜੈ ਕਿਸਾਨ’’ ਦਾ ਨਾਹਰਾ ਦੇਣ ਵਾਲੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੇ ਸਾਦਗੀ ਭਰਪੂਰ ਜੀਵਨ ਤੋਂ ਨੌਜਵਾਨ ਪੀੜੀ ਨੂੰ ਸੇਧ ਲੈਣ ਦੀ ਲੋੜ: ਐੱਮ ਐੱਲ ਏ. ਡਾ: ਹਰਜੋਤ ਕਮਲ ਸਿੰਘ
ਮੋਗਾ ,2 ਅਕਤੂਬਰ (ਜਸ਼ਨ): ‘‘ਜੈ ਜਵਾਨ ਜੈ ਕਿਸਾਨ ਦਾ ਨਾਹਰਾ ਦਿੰਦਿਆਂ ਫੌਜੀ ਵੀਰਾਂ ਅਤੇ ਅੰਨ ਦਾਤੇ ਕਿਸਾਨਾਂ ਪ੍ਰਤੀ ਆਪਣੇ ਸਤਿਕਾਰ ਦਾ ਪ੍ਰਗਟਾਵਾ ਕਰਨ ਵਾਲੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਹਨਾਂ ਦੇ ਜਨਮ ਦਿਵਸ ’ਤੇ ਯਾਦ ਕਰਦਿਆਂ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਸ਼ਾਸਤਰੀ ਜੀ ਦੀ ਉੱਚੀ ਸੋਚ ਅਤੇ ਦੇਸ਼ ਲਈ ਸਮਰਪਣ ਦੀ ਭਾਵਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਦਿਆਂ ਦੇਸ਼ ਵਾਸੀਆਂ ਨੂੰ ਉਹਨਾਂ ਦੇ ਨਕਸ਼ੇ ਕਦਮਾਂ ’ਤੇ ਚੱਲਣ ਦੀ ਅਪੀਲ ਕੀਤੀ। ਅੱਜ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਡਾ: ਹਰਜੋਤ ਕਮਲ ਨੇ ਆਖਿਆ ਕਿ ਸ਼ਾਂਤੀ ਦੂਤ ਵੱਜੋਂ ਜਾਣੇ ਜਾਂਦੇ ਸ਼ਾਸਤਰੀ ਜੀ ਨੇ ਆਜ਼ਾਦੀ ਦੀ ਲੜਾਈ ਲਈ ਕਈ ਵਾਰ ਜੇਲ ਕੱਟੀ,ਪੰਡਿਤ ਜਵਾਹਰ ਲਾਲ ਨਹਿਰੂ ਦੀ ਵਜਾਰਤ ਵਿਚ ਕੈਬਨਿਟ ਮੰਤਰੀ ਰਹੇ ਅਤੇ ਫਿਰ ਉਹਨਾਂ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਡਾ: ਹਰਜੋਤ ਕਮਲ ਨੇ ਆਖਿਆ ਕਿ ਜਦੋਂ ਅਸੀਂ ਇਤਿਹਾਸ ਦੇ ਵਰਕੇ ਫ਼ੋਲਦੇ ਹਾਂ ਤਾਂ ਸਾਨੂੰ ਗਿਆਨ ਹੰੁਦਾ ਹੈ ਕਿ ਸ਼ਾਸਤਰੀ ਜੀ ਨੇ ਜਦੋ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਗ੍ਰਹਿਣ ਕੀਤਾ ਤਾਂ ਉਸ ਸਮੇਂ ਭਾਰਤ ਸੋਕੇ ਦੀ ਮਾਰ ਝੱਲ ਰਿਹਾ ਸੀ ਜਿਸ ਕਾਰਨ ਖਾਧ ਪਦਾਰਥਾਂ ਦੀ ਭਾਰੀ ਕਮੀ ਆ ਗਈ ਸੀ , ਉਸ ਸਮੇਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੇ ਆਪਣੀ ਧਰਮਪਤਨੀ ਨੂੰ ਆਖਿਆ ਸੀ ਕਿ ਉਹ ਇਕ ਦਿਨ ਲਈ ਆਪਣੇ ਬੱਚਿਆਂ ਨੂੰ ਭੋਜਨ ਨਾ ਦੇਣ ਕਿਉਂਕਿ ਉਹ ਦੇਖਣਾ ਚਾਹੁੰਦੇ ਹਨ ਕਿ ਕੀ ਉਹ ਭੁੱਖੇ ਰਹਿ ਸਕਦੇ ਹਨ । ਇਸ ਉਪਰੰਤ ਉਹਨਾਂ ਦੇਸ਼ ਵਾਸੀਆਂ ਨੂੰ ਹਫਤੇ ‘ਚ ਇਕ ਦਿਨ ਉਪਵਾਸ (ਵਰਤ) ਰੱਖਣ ਲਈ ਪ੍ਰੇਰਿਤ ਕੀਤਾ ਸੀ। ਡਾ: ਕਮਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਸ਼ਖਸੀਅਤ ‘ਚ ਐਨੀ ਸਾਦਗੀ ਸੀ ਕਿ ਉਹਨਾਂ ਲੋਕਾਂ ਨੂੰ ਖੁਦ ਲਈ ਅਨਾਜ ਪੈਦਾ ਕਰਨ ਦੀ ਪ੍ਰੇਰਨਾ ਦੇਣ ਵਾਸਤੇ ਪ੍ਰਧਾਨ ਮੰਤਰੀ ਅਵਾਸ ਦੇ ਲਾਨ ਵਿਚ ਖੁਦ ਹੱਲ਼ ਚਲਾਇਆ ਤੇ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਖਾਲੀ ਪਈਆਂ ਜ਼ਮੀਨਾਂ ਵਿਚ ਖਾਧ ਪਦਾਰਥ ਪੈਦਾ ਕਰਕੇ ਭੁੱਖਮਰੀ ਦੇ ਦੌਰ ‘ਚੋਂ ਬਾਹਰ ਅਉਣ ਦਾ ਯਤਨ ਕਰਨ। ਉਹਨਾਂ ਆਖਿਆ ਕਿ ਜੇ ਅੱਜ ਵੀ ਅਸੀਂ ਸ਼ਾਸਤਰੀ ਜੀ ਦੀ ਸੋਚ ਨੂੰ ਅੱਗੇ ਲੈ ਜਾਂਦਿਆਂ ਉਹਨਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿਚ ਲਾਗੂ ਕਰ ਲਈਏ ਅਤੇ ਰੇਹਾਂ ਸਪਰੇਆਂ ਤੋਂ ਬਚਣ ਲਈ ਆਪਣੇ ਆਪਣੇ ਘਰਾਂ ,ਖੇਤਾਂ ਅਤੇ ਖੁਲੀਆਂ ਥਾਵਾਂ ’ਤੇ ਆਪਣੇ ਖਾਣ ਵਾਸਤੇ ਸਬਜ਼ੀਆਂ ਉਗਾ ਲਈਏ ਤਾਂ ਅਸੀਂ ਤੰਦਰੁਸਤ ਮਿਸ਼ਨ ਦੀ ਪ੍ਰਾਪਤੀ ਸਹਿਜੇ ਹੀ ਕਰ ਸਕਾਂਗੇ।