ਪੰਜਾਬ ਸਰਕਾਰ ਵਲੋਂ ਪ੍ਰੇਰਿਤ ਕਰਨ ਨਾਲ ਕਿਸਾਨਾਂ ਨੇ ਰਸਾਇਣਿਕ ਖਾਦਾਂ ਦੀ ਘੱਟ ਵਰਤੋਂ ਕਰਦਿਆਂ 200 ਕਰੋੜ ਰੁਪਏ ਦਾ ਫਾਇਦਾ ਲਿਆ: ਵਿਧਾਇਕ ਡਾ: ਹਰਜੋਤ ਕਮਲ ਸਿੰਘ
ਮੋਗਾ,25 ਸਤੰਬਰ (ਜਸ਼ਨ):‘‘ ਪੰਜਾਬ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਮਿਸ਼ਨ ‘‘ਤੰਦਰੁਸਤ ਪੰਜਾਬ’’ ਦੀ ਸ਼ੁਰੂਆਤ ਤਹਿਤ ਕਿਸਾਨਾਂ ਨੇ ਇਸ ਵਾਰ ਰਸਾਇਣਿਕ ਖਾਦਾਂ ਦੀ ਵਰਤੋਂ ਪਹਿਲਾਂ ਨਾਲੋਂ ਕਿਤੇ ਘੱਟ ਕਰਕੇ ਪੰਜਾਬ ਸਰਕਾਰ ਦੇ ਮਿਸ਼ਨ ਨੂੰ ਕਾਮਯਾਬ ਕੀਤਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਡਾ: ਹਰਜੋਤ ਕਮਲ ਨੇ ਆਖਿਆ ਕਿ ਸਰਕਾਰਾਂ ਵੱਲੋਂ ਚੁੱਕੇ ਕਦਮ ਤਾਂ ਹੀ ਸਫ਼ਲ ਹੋ ਸਕਦੇ ਹਨ ਜੇ ਕਿਸਾਨ ਅਤੇ ਆਮ ਲੋਕ ਇਸ ਵਿਚ ਯੋਗਦਾਨ ਪਾਉਣ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨੇ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਪੰਜਾਬ ਅੰਦਰ ਨਾ ਸਿਰਫ਼ ਮਿਲਾਵਟੀ ਖਾਣੇ ਅਤੇ ਮਿਲਾਵਟਖੋਰਾਂ ਤੇ ਨਕੇਲ ਕੱਸਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬਲਕਿ ਹਰ ਰੋਜ਼ ਕੀਤੀ ਜਾਂਦੀ ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਨਾਲ ਆਮ ਲੋਕਾਂ ਨੂੰ ਸ਼ੁੱਧ ਖਾਧ ਪਦਾਰਥ ਮੁਹੱਈਆ ਹੋਣ ਲੱਗੇ ਹਨ । ਵਿਧਾਇਕ ਕਮਲ ਨੇ ਆਖਿਆ ਕਿ ਇਸ ਵਾਰ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੇ ਵੱਖ ਵੱਖ ਥਾਵਾਂ ’ਤੇ ਕਿਸਾਨ ਮੇਲਿਆਂ ਰਾਹੀਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਦੀ ਪ੍ਰੇਰਨਾ ਕੀਤੀ ਸੀ ਜਿਸ ਕਰਕੇ ਇਸ ਵਾਰ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਯੂਰੀਆ ਦੀ 1 ਲੱਖ ਮੀਟਰਿਕ ਟਨ ਅਤੇ ਡੀ ਏ ਪੀ ਖਾਦ ਦੀ 46,000 ਮੀਟਰਿਕ ਟਨ ਵਰਤੋਂ ਘੱਟ ਕਰਦਿਆਂ ਤਕਰੀਬਨ 200 ਕਰੋੜ ਰੁਪਏ ਤੱਕ ਦਾ ਫਾਇਦਾ ਲਿਆ ਹੈ । ਉਹਨਾਂ ਕਿਹਾ ਕਿ ਕਿਸਾਨਾਂ ਦੇ ਇਸ ਹੰੁਗਾਰੇ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ‘ਤੰਦਰੁਸਤ ਮਿਸ਼ਨ ਅਭਿਆਨ’ ਵੀ ਸਫ਼ਲਤਾ ਵੱਲ ਵਧਿਆ ਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਜਦੋਂ ਕਿਸਾਨ ਯੂਰੀਆ ਜ਼ਿਆਦਾ ਇਸਤੇਮਾਲ ਕਰਦੇ ਹਨ ਤਾਂ ਖੇਤਾਂ ਵਿਚ ਕੀੜੇ ਮਕੌੜੇ ਜ਼ਿਆਦਾ ਪੈਦਾ ਹੰੁਦੇ ਹਨ ਅਤੇ ਵੱਧ ਯੂਰੀਆ ਪਾਉਣ ਅਤੇ ਕੀੜੇ ਮਕੌੜਿਆਂ ਨੂੰ ਮਾਰਨ ਲਈ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕਿਸਾਨ ਦਾ ਖਰਚਾ ਵੀ ਜ਼ਿਆਦਾ ਹੁੰਦਾ ਹੈ । ਉਹਨਾਂ ਆਖਿਆ ਕਿ ਹੋਰ ਤਾਂ ਹੋਰ ਲੋੜੀਂਦੀ ਯੂਰੀਆ ਫਸਲ ਨੂੰ ਪ੍ਰਾਪਤ ਹੋ ਜਾਂਦੀ ਹੈ ਪਰ ਵਾਧੂ ਰਸਾਇਣਿਕ ਖਾਦ ਪਹਿਲਾਂ ਪਾਣੀ ਵਿਚ ਘੁਲ ਕੇ ਪਾਣੀ ਨੂੰ ਦੂਸ਼ਿਤ ਕਰਦੀ ਹੈ ਤੇ ਫਿਰ ਵਾਸ਼ਪੀਕਰਣ ਹੋਣ ’ਤੇ ਹਵਾ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ। ਉਹਨਾਂ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਯੋਗ ਅਗਵਾਈ ਕਰਨ ਸਦਕਾ ਹੀ ਕਿਸਾਨ ਅਤੇ ਸੂਬੇ ਦੇ ਲੋਕਾਂ ਦਾ ਭਲਾ ਹੋ ਰਿਹਾ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ