ਸਵੱਛ ਭਾਰਤ ਦੀ ਕਾਮਯਾਬੀ ਲਈ ਸਫਾਈ ਕਰਮਚਾਰੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ: ਨਸੀਬ ਬਾਵਾ ਕੌਂਸਲਰ ਮੋਗਾ

ਮੋਗਾ 24 ਸਤੰਬਰ (ਜਸ਼ਨ):‘ਸਵੱਛ ਭਾਰਤ ਦੀ ਕਾਮਯਾਬੀ ਲਈ ਸਫਾਈ ਕਰਮਚਾਰੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਨਸੀਬ ਬਾਵਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਦਾ ਮੁੱਖ ਨਿਸ਼ਾਨਾ ਭਾਰਤ ਵਿੱਚੋਂ ਗੰਦਗੀ ਨੂੰ ਦੂਰ ਕਰਨਾ ਹੈ, ਇਸ ਲਈ ਹਰ ਇੱਕ ਵਿਅਕਤੀ ਨੂੰ ਸਫਾਈ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵ ਪੂਰਨ ਇਹ ਹੈ ਕਿ ਜਨਤਕ ਥਾਵਾਂ ‘ਤੇ ਅਸੀਂ ਪਬਲਿਕ ਵੱਲੋਂ ਗੰਦਗੀ ਨੂੰ ਕਿਸ ਤਰ੍ਹਾਂ ਟਿਕਾਨੇ ਲਗਾਈਏ। ਬਾਵਾ ਨੇ ਆਖਿਆ ਕਿ ਇਸ ਲਈ ਹਰ ਇੱਕ ਸ਼ਹਿਰ ਵਿੱਚ ਨਿਯਮ-ਵੱਧ ਤਰੀਕੇ ਨਾਲ ਗਲੀਆਂ, ਨਾਲੀਆਂ, ਸੜ੍ਹਕਾਂ ਅਤੇ ਜਨਤਾ ਲਈ ਹਰ ਸਾਂਝੀ ਜਗ੍ਹਾ ਤੋਂ ਕੂੜੇ ਨੂੰ ਹਰ ਰੋਜ਼ ਸਾਫ ਕਰਨਾ ਹੋਵੇਗਾ। ਸ਼੍ਰੀ ਬਾਵਾ ਨੇ ਆਉਣ ਵਾਲੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਸਰਕਾਰ ਤੋਂ ਲਿਖਤੀ ਤੌਰ ਤੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਨਿਸ਼ਚਤ ਗਿਣਤੀ ਵਿੱਚ ਸਫਾਈ ਸੇਵਕਾਂ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਨੇ ਕਰੀਬ 2 ਸਾਲ ਪਹਿਲਾਂ ਇੱਕ ਮਤਾ ਪਾਸ ਕੀਤਾ ਸੀ ਕਿ ਹਰ ਵਾਰਡ ਵਿੱਚ ਸਫਾਈ ਕਰਮਚਾਰੀਆਂ ਦੀ ਗਿਣਤੀ ਪੂਰੀ ਕਰਨ ਲਈ 3-3 ਕਰਮਚਾਰੀ ਹੋਰ ਰੱਖੇ ਜਾਣ ਅਤੇ ਕੁੱਲ 150 ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ ਪ੍ਰੰਤੂ ਇਹ ਮਤਾ ਸਰਕਾਰ ਦਰਬਾਰ ਵਿੱਚ ਅੱਜ ਤੱਕ ਪਾਸ ਨਹੀਂ ਹੋਇਆ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਡੀ ਸਰਕਾਰ ਸਵੱਛ ਭਾਰਤ ਦੇ ਸਿਰਫ ਨਾਅਰੇ ਹੀ ਲਗਾ ਰਹੀ ਹੈ। ਭਾਰਤ ਨੂੰ ਸਵੱਛ ਕਰਨ ਲਈ ਨੀਅਤ ਸਾਫ ਨਹੀਂ ਹੈ। ਸ਼੍ਰੀ ਬਾਵਾ ਨੇ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਗਰੀਵੀਅਸ ਕਮੇਟੀ ਦੀ ਮੀਟਿੰਗ ਵਿੱਚ ਗਹਿਰਾਈ ਨਾਲ ਵਾਚਿਆ ਜਾਵੇ ਅਤੇ ਹਰ ਇੱਕ ਵਾਰਡ ਦੀ ਪੂਰਨ ਸਫਾਈ ਲਈ ਬੀਟਾਂ ਬਣਾ ਕੇ ਸਫਾਈ ਕਰਮਚਾਰੀਆਂ ਦੀ ਗਿਣਤੀ ਨੂੰ ਯਕੀਨੀ ਬਨਾਇਆ ਜਾਵੇ।


