ਰਾਣਾ ਗੁਰਮੀਤ ਸਿੰਘ ਸੋਢੀ ਨੇ ਚੌਥੀ ਸ਼ਿਵਾਲਿਕ ਹਿੱਲ ਡ੍ਰਾਈਵ ਕਾਰ ਰੈਲੀ ਝੰਡੀ ਦਿਖਾ ਕੇ ਕੀਤੀ ਰਵਾਨਾ,ਆਵਾਜਾਈ ਨਿਯਮਾਂ ਦੀ ਪਾਲਣਾ ’ਤੇ ਦਿੱਤਾ ਜ਼ੋਰ
ਚੰਡੀਗੜ, 21 ਸਤੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਅੱਜ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਥੋਂ ਨੇੜਲੇ ਮੁੱਲਾਂਪੁਰ ਗਰੀਬਦਾਸ ਤੋਂ ਚੌਥੀ ਸ਼ਿਵਾਲਿਕ ਹਿੱਲ ਡ੍ਰਾਈਵ ਕਾਰ ਰੈਲੀ ਝੰਡੀ ਦਿਖਾ ਕੇ ਰਵਾਨਾ ਕੀਤੀ। ਇਹ ਰੈਲੀ ਬਿਸ਼ਪ ਕੌਟਨ ਸਕੂਲ, ਸ਼ਿਮਲਾ ਨਾਲ ਸਬੰਧਤ ਓਲਡ ਕੌਟੇਨੀਅਨਜ਼ ਐਸੋਸੀਏਸ਼ਨ(ਓਸੀਏ)(ਨਾਰਦਰਨ ਚੈਪਟਰ) ਵਲੋਂ ਆਯੋਜਿਤ ਕੀਤੀ ਗਈ।ਇਸ ਮੌਕੇ ਆਪਣੇ ਭਾਸ਼ਣ ਦੌਰਾਨ ਰਾਣਾ ਸੋਢੀ ਨੇ ਕਿਹਾ ਇਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਜਾਗਰੂਕ ਕਰਨਾ ਹੈ। ਉਨਾਂ ਆਸ ਪ੍ਰਗਟਾਈ ਕਿ ਇਹ ਰੈਲੀ ਖੇਤਰ ਵਿੱਚ ਮੋਟਰ ਸਪੋਰਟਸ ਨੂੰ ਹੁਲਾਰਾ ਦੇਣ ’ਚ ਅਹਿਮ ਭੂਮਿਕਾ ਨਿਭਾਏਗੀ। ਖੇਡ ਮੰਤਰੀ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਇਸ ਰੈਲੀ ਵਿੱਚ ਭਾਗ ਲੈਂਦੇ ਹਨ ਜੋ ਕਿ ਸੂਬੇ ਵਿੱਚ ਇਸ ਖੇਡ ਦੀ ਵੱਧ ਰਹੀ ਲੋਕਪਿ੍ਰਯਤਾ ਦਾ ਸੂਚਕ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਰੈਲੀ 165 ਕਿਲੋਮੀਟਰ ਦੀ ਦੂਰੀ ਤਹਿ ਕਰੇਗੀ।ਇਸ ਮੌਕੇ ਹੋਰ ਪਤਵੰਤਿਆਂ ਤੋਂ ਬਿਨਾਂ ਓਲਡ ਕੌਟੇਨੀਅਨਜ਼ ਐਸੋਸੀਏਸ਼ਨ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਉਪਿੰਦਰ ਸਿੰਘ ਗਿੱਲ ਸ਼ਾਮਲ ਸਨ।