ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕਦੇ ਸਹਿਣ ਨਹੀਂ ਕਰਾਂਗੇ : ਵਿਧਾਇਕ ਸਿਮਰਜੀਤ ਸਿੰਘ ਬੈਂਸ
ਲੁਧਿਆਣਾ, 18 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬੀ ਭਾਸ਼ਾ ਵਲੋਂ ਕਰਵਾਏ ਗਏ ਹਿੰਦੀ ਦਿਵਸ ਸਮਾਰੋਹ ਦੌਰਾਨ ਮਾਤ ਭਾਸ਼ਾ ਪੰਜਾਬੀ ਦੇ ਕੀਤੇ ਗਏ ਨਿਰਾਦਰ ਦੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਿੰਦਾ ਕਰਦਿਆਂ ਚੇਤਾਵਨੀ ਵੀ ਦਿੱਤੀ ਹੈ ਕਿ ਪੰਜਾਬੀ ਕੌਮ ਆਪਣੀ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਕਦੀ ਵੀ ਸਹਿਣ ਨਹੀਂ ਕਰੇਗੀ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਨਗਰ ਵਿੱਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬੀ ਉਹ ਕੌਮ ਹੈ, ਜਿਸ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜਾਦ ਕਰਵਾਇਆ ਅਤੇ ਅੱਜ ਵੀ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰ ਰਹੀ ਹੈ, ਜਿਸ ਕਾਰਣ ਹੀ ਪੂਰਾ ਦੇਸ਼ ਰਾਤ ਨੂੰ ਸੁੱਖ ਦੀ ਨੀਂਦ ਸੌਂਦਾ ਹੈ, ਪਰ ਜੇਕਰ ਅੱਜ ਕੋਈ ਪੰਜਾਬੀ ਮਾਂ ਬੋਲੀ ਦੇ ਨਿਰਾਦਰ ਦੀ ਗੱਲ ਕਰੇ, ਤਾਂ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਧਾਇਕ ਬੈਂਸ ਨੇ ਦੱਸਿਆ ਕਿ ਉਹ ਹਮੇਸ਼ਾਂ ਪੰਜਾਬੀ ਮਾਂ ਬੋਲੀ ਦੀ ਹਰ ਮੀਟਿੰਗ, ਸਭਾ ਵਿੱਚ ਵੀ ਗੱਲ ਕਰਦੇ ਰਹੇ ਹਨ ਅਤੇ ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਵਿੱਚ ਵੀ ਜਦੋਂ ਸੂਬੇ ਦੇ ਰਾਜਪਾਲ ਜਾਂ ਮੁੱਖਮੰਤਰੀ ਸਮੇਤ ਹੋਰਨਾਂ ਮੰਤਰੀਆਂ ਨੇ ਸੌਂਹ ਚੁੱਕਣ ਸਮੇਂ ਅੰਗਰੇਜੀ ਭਾਸ਼ਾ ਵਿੱਚ ਸੌਂਹ ਚੁੱਕਣ ਦੀ ਗੱਲ ਕੀਤੀ ਤਾਂ ਉਨ•ਾਂ ਸਭ ਤੋਂ ਪਹਿਲਾਂ ਇਸ ਦਾ ਵਿਰੋਧ ਜਤਾਇਆ ਅਤੇ ਸਪੀਕਰ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਵਲੋਂ ਜਾਰੀ ਕੀਤੀ ਜਾਣ ਵਾਲੀ ਸਾਰੀ ਸਮੱਗਰੀ ਨੂੰ ਪੰਜਾਬੀ ਵਿੱਚ ਹੀ ਉਤਾਰਾ ਕਰਕੇ ਭੇਜਣ। ਵਿਧਾਇਕ ਬੈਂਸ ਨੇ ਕਿਹਾ ਕਿ ਅਸੀਂ ਸਮੂਹ ਪੰਜਾਬੀ ਸਭ ਤੋਂ ਪਹਿਲਾਂ ਪੰਜਾਬੀ ਹਾਂ ਅਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਦੇ ਹਾਂ ਅਤੇ ਅਸੀਂ ਕਿਸੇ ਵੀ ਭਾਸ਼ਾ ਦਾ ਨਿਰਾਦਰ ਨਹੀਂ ਕਰਦੇ, ਸਗੋਂ ਸਾਰੀਆਂ ਭਾਸ਼ਾਵਾਂ ਦਾ ਉਸੇ ਤਰਾਂ ਸਤਿਕਾਰ ਕਰਦੇ ਹਾਂ, ਜਿਸ ਤਰਾਂ ਨਾਲ ਪੰਜਾਬੀ ਭਾਸ਼ਾ ਦਾ, ਪਰ ਜੇਕਰ ਕੋਈ ਸਾਡੀ ਪੰਜਾਬੀ ਮਾਂ ਬੋਲੀ ਦੇ ਨਿਰਾਦਰ ਦੀ ਗੱਲ ਕਰੇਗਾ, ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਪੰਜਾਬੀ ਸਾਹਿਤਕਾਰਾਂ, ਵਿਦਵਾਨਾਂ ਆਦਿ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਸਬੰਧੀ ਸਰਕਾਰ ਤੱਕ ਗੱਲ ਕਰਨ, ਅਤੇ ਸਰਕਾਰ ਇਸ ਸਬੰਧੀ ਢੁੱਕਵੇਂ ਸਖਤ ਕਦਮ ਚੁੱਕੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।