ਸਵੀਪ ਤਹਿਤ ਵੋਟ ਨੂੰ ਵੈਰੀਫ਼ਾਈ ਕਰਨਾ ਬਣਾਇਆ ਜਾਵੇ ਯਕੀਨੀ-ਜ਼ਿਲਾ ਚੋਣ ਅਫ਼ਸਰ
ਮੋਗਾ 17 ਸਤੰਬਰ:(ਜਸ਼ਨ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਤਹਿਤ ਵੋਟਰ ਸੂਚੀ ਨੂੰ ਤਰੁੱਟੀ ਰਹਿਤ ਕਰਨ, ਯੋਗ ਵੋਟਰਾਂ ਦੀ ਵੋਟ ਬਣਾਉਣ ਅਤੇ ਸੰਭਾਵਿਤ ਵੋਟਰਾਂ ਸਬੰਧੀ ਸੂਚਨਾ ਤਿਆਰ ਕਰਨ ਲਈ ਪੈਨ ਇੰਡੀਆ ਇਲੈਕਟੋਰਲ ਵੈਰੀਫ਼ਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਨੂੰ 1 ਸਤੰਬਰ ਤੋ 15 ਅਕਤੂਬਰ, 2019 ਤੱਕ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਤਹਿਸੀਲਦਾਰ ਚੋਣਾਂ ਦੇ ਕਰਮਚਾਰੀਆਂ ਵੱਲੋਂ ਵੱਖ-ਵੱਖ ਵਿਭਾਗਾਂ ਅਤੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਹਿੱਤ ਕੈਂਪ ਵੀ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਸੈ) ਅਤੇ (ਐ) ਵਿਖੇ ਕੈਪ ਲਗਾ ਕੇ ਅਮਲੇ ਨੂੰ ਜਾਗਰੂਕ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਸ ਪ੍ਰੋਗਰਾਮ ਦੀ ਮਹੱਤਤਾ ਦੇ ਮੱਦੇਨਜ਼ਰ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਐਸ.ਪੀ.) ਜਾਂ ਵੋਟਰ ਹੈਲਪਲਾਇਨ ਮੋਬਾਈਲ ਐਪ ਰਾਹੀਂ ਵੀ ਆਪਣੀ ਵੋਟ ਨੂੰ ਚੈਕ ਕਰ ਸਕਦੇ ਹਨ ਤੇ ਆਪਣੀ ਵੋਟ ’ਚ ਕਿਸੇ ਵੀ ਤਰਾਂ ਦੀ ਤੁਰੱਟੀ ਵੀ ਦੂਰ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾਂ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਵੋਟਰ ਆਪਣੇ ਘਰ ਬੈਠ ਕੇ ਜਾਂ ਆਪਣੇ ਸਮਾਰਟ ਫੋਨ ਰਾਹੀਂ ਆਨ-ਲਾਇਨ ਖੁਦ ਦੀ ਵੋਟ ਅਤੇ ਆਪਣੇ ਪਰਿਵਾਰ ਦੀਆਂ ਵੋਟਾਂ ਐਨ.ਵੀ.ਐਸ.ਪੀ. ਪੋਰਟਲ ਜਾਂ ਵੋਟਰ ਹੈਲਪਲਾਇਨ ਮੋਬਾਈਲ ਐਪ ਰਾਹੀਂ ਵੈਰੀਫਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਵੋਟਰ ਆਪਣੀ ਵੋਟ ਸਬੰਧੀ ਕਿਸੇ ਵੀ ਤਰਾਂ ਦੀ ਤਰੁੱਟੀ ਨੂੰ ਖ਼ੁਦ ਦੂਰ ਕਰ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜ਼ਿਲਾ ਚੋਣ ਦਫ਼ਤਰ ਨਾਲ ਸਬੰਧਤ ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਦਫ਼ਤਰਾਂ ਵਿਚ ਜਾ ਕੇ ਦਫ਼ਤਰੀ ਅਮਲੇ ਨੂੰ ਵੀ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।