ਵਾਰਡ ਨੰਬਰ 49 ਦੇ ਮਾਡਲ ਟਾਊਨ ‘ਚ ਖਸਤਾ ਹਾਲਤ ਸੜਕ ’ਤੇ ਪ੍ਰੀਮਿਕਸ ਪਾਉਣ ਦੀ ਆਰੰਭਤਾ ਨਾਲ ਲੋਕਾਂ ਨੂੰ ਮਿਲੀ ਭਾਰੀ ਰਾਹਤ :ਚੇਅਰਮੈਨ ਅਮਰਜੀਤ ਸਿੰਘ ਲੰਢੇਕੇ

ਮੋਗਾ,15 ਸਤੰਬਰ (ਜਸ਼ਨ): ਪਿਛਲੇ ਲੰਬੇ ਸਮੇਂ ਤੋਂ ਮੋਗਾ ਦੇ ਵਾਰਡ ਨੰਬਰ 49 ਦੇ ਮਾਡਲ ਟਾਊਨ ਦੀ ਖਸਤਾ ਹਾਲਤ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਨੇ ਦੱਸਿਆ ਕਿ ਪਿਛਲੇ 8 ਸਾਲ ਤੋਂ ਮਾਡਲ ਟਾੳੂਨ ਖੇਤਰ ਦੀਆਂ ਸੜਕਾਂ ਦਾ ਨਿਰਮਾਣ ਕਾਰਜ ਨਾ ਸ਼ੁਰੂ ਹੋਣ ਕਰਕੇ ਉਥੋਂ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਹਨਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਅਤੇ ਉਹਨਾਂ ਵੱਲੋਂ ਕੀਤੀ ਚਾਰਾਜੋਈ ਸਦਕਾ ਸੜਕ ’ਤੇ ਪ੍ਰੀਮਕਸ ਦਾ ਕੰਮ ਆਰੰਭ ਹੋ ਗਿਆ ਹੈ। ਅਮਰਜੀਤ ਸਿੰਘ ਲੰਢੇਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਦਾ ਹੱਕ ਬਣਦਾ ਹੈ ਕਿ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਉਪਲੱਬਦ ਹੋਣ ਪਰ ਕਈ ਕਾਰਨਾਂ ਕਰਕੇ ਵਿਕਾਸ ਕਾਰਜਾਂ ਵਿਚ ਖੜੋਤ ਆ ਜਾਂਦੀ ਹੈ ਜਿਸ ਲਈ ਆਮ ਲੋਕਾਂ ਨੂੰ ਮੁਸੀਬਤਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ । ਲੰਢੇਕੇ ਨੇ ਕਿਹਾ ਕਿ ‘ਦੇਰ ਆਏ ਦਰੁਸਤ ਆਏ ’ ਮੁਤਾਬਕ ਹੁਣ ਸੜਕ ਨਿਰਮਾਣ ਕਾਰਜਾਂ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਹਿਸੂਸ ਹੋਵੇਗੀ। ਇਸ ਮੌਕੇ ਅਮਰਜੀਤ ਸਿੰਘ ਲੰਢੇਕੇ ਨਾਲ ਸੁਖਦੇਵ ਸਿੰਘ ਡੀ ਐੱਸ ਪੀ ,ਗੁਰਮੇਲ ਸਿੰਘ ਰਿਟਾ: ਸੈਕਟਰੀ ਮਾਰਕੀਟ ਕਮੇਟੀ ,ਮਹਿੰਦਰ ਸਿੰਘ ਬਰਾੜ,ਜਗਤਾਰ ਸਿੰਘ ਅਤੇ ਮੁਹੱਲਾ ਨਿਵਾਸੀ ਮਾਡਲ ਟਾੳੂਨ  ਹਾਜ਼ਰ ਸਨ।