ਡਿਪਟੀ ਕਮਿਸ਼ਨਰ ਨੇ 25 ਟਨ ਦੇ ਕਰੀਬ ਕੈਟਲ ਫੀਡ ਦੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਜਲੰਧਰ ਦੇ ਹੜ ਪ੍ਰਭਾਵਿਤ ਪਿੰਡਾਂ ਲਈ ਕੀਤਾ ਰਵਾਨਾ

ਮੋਗਾ,11 ਸਤੰਬਰ (ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਆਲ ਫੀਡ ਮਿਲਰਜ਼ ਐਸੋਸੀਏਸ਼ਨ (ਅਫਮਾ) ਦੇ ਮੈਬਰਾਂ ਵੱਲੋ ਜਲੰਧਰ ਦੇ ਹੜ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਦਾਨ ਵਜੋ ਇਕੱਤਰ ਕੀਤੀ ਲਗਭਗ 5 ਲੱਖ ਰੁਪਏ ਦੇ ਮੁੱਲ ਦੀ 25 ਟਨ ਦੇ ਕਰੀਬ ਕੈਟਲ ਫੀਡ ਦੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਸਮੇ ਡਿਪਟੀ ਕਮਿਸ਼ਨਰ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ, ਅਫਮਾ ਦੇ ਪ੍ਰਧਾਨ ਅਸ਼ੋਕ ਕੁਮਾਰ ,ਦਵਿੰਦਰਪਾਲ ਸਿੰਘ ਰਿੰਪੀ,ਭਾਰਤ ਭੂਸ਼ਣ ਮਿੱਤਲ, ਜੀ.ਐਸ. ਸੁਧੀ, ਇੰਦਰਪ੍ਰੀਤ ਸਿੰਘ, ਵਿਸ਼ਾਲਪੁਰੀ, ਅਵਤਾਰ ਸਿੰਘ ਗਿੱਲ, ਜੀਤ ਸਿੰਘ ਵਾਲੀਆ, ਮੈਡਮ ਇੰਦੂਪੁਰੀ, ਅਜੇ ਅਹੂਜਾ, ਮਨਦੀਪ ਸਿੰਘ ਟਿਵਾਣਾ ਅਤੇ ਰਿੱਕੀ ਤੋ ਇਲਾਵਾ ਹੋਰ ਵਿਅਕਤੀ ਵੀ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਸ਼ੂ ਖੁਰਾਕ ਸਰਹਿੰਦ, ਅਹਿਮਦਗੜ, ਮੋਗਾ, ਤਲਵੰਡੀ ਭਾਈ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਭਗਤੇ ਦੇ ਕੈਟਲ ਫੀਡ ਮਿਂੱਲਾਂ ਦੇ ਮਾਲਕਾਂ ਦੁਆਰਾ ਇਕੱਤਰ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਫਮਾ ਵੱਲੋ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਕਿ ਜਿੰਨੇ ਵੱਡੇ ਦੁੱਖ ਵਿੱਚੋ ਹੜ ਪ੍ਰਭਾਵਿਤ ਇਲਾਕਿਆਂ ਦੇ ਇਨਸਾਨ ਗੁਜ਼ਰ ਰਹੇ ਹਨ ਪਸੂ ਵੀ ਉੇੇਸੇ ਹੱਦ ਤੱਕ ਪ੍ਰਭਾਵਿਤ ਹਨ ਅਤੇ ਇਨਾਂ ਦੀ ਮੱਦਦ ਕਰਨਾ ਵੀ ਉਨਾਂ ਹੀ ਜਰੂਰੀ ਹੈ। ਉਨਾਂ ਦੱਸਿਆ ਕਿ ਅਫਮਾ ਦੁਆਰਾ ਹੜ ਪ੍ਰਭਾਵਿਤ ਪਰਿਵਾਰ ਜਿੰਨਾਂ ਦੇ ਜਾਨਵਰਾਂ ਨੂੰ ਪਸ਼ੂ ਖੁਰਾਕ ਦੀ ਲੋੜ ਹੈ ਉਨਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਇਕੱਤਰ ਕੀਤੀ ਗਈ ਪਸੂ ਖੁਰਾਕ ਖਾਲਸਾ ਏਡ, ਪੀ.ਡੀ.ਐਫ.ਏ ਦੇ ਸਮਾਜਸੇਵੀ ਅਤੇ ਸੰਤ ਸੀਚੇਵਾਲ ਦੇ  ਸਹਿਯੋਗ ਨਾਲ ਜਲੰਧਰ ਦੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਵੰਡੀ ਜਾਵੇਗੀ। ਪੱਤਰਕਾਰਾਂ ਵੱਲੋ ਮੋਗੇ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਇਹ ਪਸੂ ਖੁਰਾਕ ਵੰਡਣ ਦੇ ਸੁਆਲ ਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰਾਹਤ ਸਮੱਗਰੀ ਸਿਰਫ ਜਲੰਧਰ ਦੇ ਹੜ ਪ੍ਰਭਾਵਿਤ ਪਿੰਡਾਂ ਦੇ ਪਸੂਆਂ ਲਈ ਹੀ ਹੈ ਅਤੇ ਮੋਗੇ ਵਿੱਚ ਹੜ ਪ੍ਰਭਾਵਿਤ ਖੇਤਰ ਜਲੰਧਰ ਨਾਲੋ ਘੱਟ ਹੋਣ ਕਰਕੇ ਜ਼ਿਲਾ ਪ੍ਰਸਾਸ਼ਨ ਦੁਆਰਾ ਪਹਿਲਾਂ ਹੀ ਜਰੂਰਤ ਅਨੁਸਾਰ ਪਸੂ ਖੁਰਾਕ ਰੋਜ਼ਾਨਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੌਰਾਨ ਅਫਮਾ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਕਿਸੇ ਵੀ ਮੁਸ਼ਕਿਲ ਦੀ ਘੜੀ ਵਿੱਚ ਜ਼ਿਲਾ ਪ੍ਰਸਾਸ਼ਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਹਿਲੇ ਗੇੜ ਵਿੱਚ ਕੈਟਲ ਫੀਡ ਦੇ 50-50 ਕਿਲੋ ਦੇ ਕਰੀਬ 500 ਥੈਲੇ ਭੇਜੇ ਜਾ ਰਹੇ ਹਨ ਅਤੇ ਜੇਕਰ ਜਰੂਰਤ ਪਈ ਤਾਂ ਉਹ ਹੋਰ ਵੀ ਕੈਟਲ ਫੀਡ ਭੇਜਣਗੇ।ਡਿਪਟੀ ਕਮਿਸ਼ਨਰ ਨੇ ਅਫਮਾ ਦਾ ਧੰਨਵਾਦ ਕੀਤਾ ਅਤੇ ਹੜ ਪੀੜਤ ਪਰਿਵਾਰਾਂ ਦੇ ਜਾਨ ਮਾਲ ਦੀ ਤੰਦਰੁਸਤੀ ਅਤੇ ਸਲਾਮਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ