ਮੁਫਤ ਕਾਨੂੰਨੀ ਸੇਵਾਵਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ-ਬਗੀਚਾ ਸਿੰਘ

ਮੋਗਾ 11 ਸਤੰਬਰ:(ਜਸ਼ਨ): ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪਿੰਡ ਕੋਕਰੀ ਕਲਾਂ ਵਿਖੇ ਜ਼ਿਲਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਮੁਨੀਸ਼ ਸਿੰਗਲਂ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਪਿੰਡ ਕੋਕਰੀ ਕਲਾਂ ਦੇ ਪੰਚਾਇਤ ਘਰ ਵਿਚ ਲੀਗਲ ਹੈਲਪ ਡੈਸਕ ਖੋਲਿਆ ਗਿਆ। ਇਸ ਲੀਗਲ ਹੈਲਪ ਡੈਸਕ ਦਾ ਉਦਘਾਟਨ ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਬਗੀਚਾ ਸਿੰਘ ਨੇ ਕੀਤਾ। ਉਨਾਂ ਲੀਗਲ ਹੈਲਪ ਡੈਸਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਾਂ ਹੈਲਪ ਡੈਸਕਾਂ ਦਾ ਮੁੱਖ ਮਕਸਦ ਪਿੰਡਾਂ ਦੇ ਘਰ ਘਰ ਤੱਕ ਮੁਫਤ ਕਾਨੂੰਨੀ ਸੇਵਾਵਾਂ ਨੂੰ ਪਹੁੰਚਾਉਣਾ ਹੈ। ਉਨਾਂਂ ਦੱਸਿਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿਚ ਲੀਗਲ ਹੈਲਪ ਡੈਸਕ ਖੋਲੇ ਜਾ ਰਹੇ ਹਨ ਅਤੇ ਲੀਗਲ ਕੇਅਰ ਅਤੇ ਸਹਾਇਤਾਂ ਸੈਂਟਰਾਂ ਦੀ ਪਹਿਲਾਂ ਹੀ ਸਥਾਪਨਾ ਕੀਤੀ ਜਾ ਚੁੱਕੀ ਹੈ, ਤਾਂ ਜੋ ਲੋਕਾਂ ਨੂੰ ਉਨਾਂਂ ਦੇ ਘਰ ਵਿਚ ਹੀ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਸਥਾਨ ਤੇ ਇੱਕ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ ਅਤੇ ਲੋਕਾਂ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਉਨਾਂ ਨਾਲ ਪਹੁੰਚੇ ਪੈਨਲ ਐਡਵੋਕੇਟ ਬੀ.ਐਸ.ਰਾਜਪੂਤ ਨੇ ਮੁਫਤ ਕਾਨੂੰਨੀ ਸੇਵਾਵਾਂ ਟੋਲ ਫ੍ਰੀ ਨੰਬਰ 1968 ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੀ.ਐਲ.ਵੀ. ਸੁਖਮੰਦਰ ਸਿੰਘ, ਰਾਮ ਸਿੰਘ ਅਤੇ ਕੇਵਨ ਕੁਮਾਰ ਅਤੇ ਪਿੰਡ ਦੇ ਮੋਹਤਵਰ ਮੈਂਬਰ ਵੀ ਹਾਜਰ ਸਨ।


