ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ ਅਤੇ ਖਿਡਾਰੀਆਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਤੋਂ ਸਟੇਟ ਅਵਾਰਡ ਲਈ ਅਰਜ਼ੀਆਂ ਦੀ ਮੰਗ,ਅਰਜ਼ੀਆਂ ਜਮਾਂ ਕਰਵਾਉਣ ਦੀ ਆਖਰੀ ਤਰੀਕ 30 ਸਤੰਬਰ
ਚੰਡੀਗੜ, 3 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸੂਬਾ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ ਅਤੇ ਖਿਡਾਰੀਆਂ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾਂ ਤੋਂ ਸਟੇਟ ਅਵਾਰਡ ਟੂ ਫਿਜ਼ੀਕਲ ਹੈਂਡੀਕੈਪਡ-2019 ਦੇਣ ਲਈ 30 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਯੋਗ ਬਿਨੈਕਾਰ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਤੋਂ ਨਿਰਧਾਰਤ ਫਾਰਮਾ ਪ੍ਰਾਪਤ ਕਰ ਸਕਦੇ ਹਨ ਅਤੇ ਇਨਾਂ ਨੂੰ ਮੁਕੰਮਲ ਕਰਕੇ ਨਿਰਧਾਰ ਮਿਤੀ ਤੋਂ ਪਹਿਲਾਂ ਜ਼ਮਾਂ ਕਰਵਾ ਸਕਦੇ ਹਨ। ਜ਼ਿਲਾ ਪੱਧਰ ’ਤੇ ਪ੍ਰਾਪਤ ਅਰਜ਼ੀਆਂ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਵੱਲੋਂ ਕੀਤੀ ਗਈ ਸ਼ਿਫਾਰਸ਼ ਦੇ ਆਧਾਰ ’ਤੇ ਰਾਜ ਪੱਧਰੀ ਕਮੇਟੀ ਵੱਲੋਂ ਅਵਾਰਡੀਆਂ ਦੀ ਚੋਣ ਕੀਤੀ ਜਾਵੇਗੀ। ਬੁਲਾਰੇ ਦੇ ਅਨੁਸਾਰ ਚਾਰ ਕਿਸਮ ਦੇ ਇਹ ਅਵਾਰਡ 3 ਦਸੰਬਰ 2019 ਨੂੰ ਮਨਾਏ ਜਾ ਰਹੇ ‘ਵਰਲਡ ਡਿਸਏਬਲਡ ਡੇਅ’ ’ਤੇ ਦਿੱਤੇ ਜਾਣਗੇ।ਇਸ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਭ ਤੋਂ ਵਧੀਆ ਕਰਮਚਾਰੀ/ ਸਵੈ ਰੁਜ਼ਵਾਰ ਵਾਲੇ ਦਿਵਿਆਂਗ ਵਾਸਤੇ ਨੇਤਰਹੀਣਤਾ, ਘੱਟ ਨਜ਼ਰ, ਕੁਸ਼ਟ ਚਕਿਤਸਾ, ਬੋਲੇਪਨ, ਲੋਕੋਮੋਟਰ ਅਪੰਗਤਾ ਅਤੇ ਬਹੁ ਅਪੰਗਤ ਦੀਆਂ 6 ਉਪ ਸ੍ਰੇਣੀ ਲਈ ਹਰੇਕ ਵਾਸਤੇ ਇੱਕ ਇੱਕ ਅਵਾਰਡ ਦਿੱਤਾ ਜਾਵੇਗਾ ਜਿਸ ਵਿੱਚ ਨਗਦ ਰਾਸ਼ੀ 10,000 ਰੁਪਏ, ਸ਼ੋਭਾ ਪੱਤਰ ਅਤੇ ਇੱਕ ਸਰਟੀਫਿਕੇਟ ਹੋਵੇਗਾ। ਇਸੇ ਤਰਾਂ ਹੀ ਸਭ ਤੋਂ ਵਧੀਆਂ ਰੁਜ਼ਗਾਰਦਾਤਾ ਦੀ ਉਪ ਸ੍ਰੇਣੀ ਵਿੱਚ ਇੱਕ ਅਵਾਰਡ ਸਰਕਾਰੀ ਸੰਸਥਾ, ਜਨਤਿਕ ਸੈਕਟਰ ਅੰਡਰਟੇਕਿੰਗ ਜਾਂ ਖੁਦਮੁਖਤਿਆਰ ਜਾਂ ਸਥਾਨਿਕ ਸੰਸਥਾ ਅਤੇ ਨਿੱਜੀ ਜਾਂ ਗੈਰ ਸਰਕਾਰ ਸੰਸਥਾਵਾਂ ਨੂੰ 10,000 ਹਜ਼ਾਰ ਰੁਪਏ ਨਗਦ, ਸ਼ੋਭਾ ਪੱਤਰ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।ਬੁਲਾਰੇ ਅਨੁਸਾਰ ਦਿਵਿਆਂਗ ਵਿਅਕਤੀਆਂ ਵਾਸਤੇ ਕੰਮ ਕਰਨ ਵਾਲੇ ਵਧੀਆ ਵਿਆਕਤੀਆਂ ਅਤੇ ਸੰਸਥਾਵਾਂ ਲਈ ਵੀ ਅਵਾਰਡ ਦਿੱਤੇ ਜਾਣਗੇ । ਸਭ ਤੋਂ ਵਧੀਆ ਵਿਅਕਤੀਗਤ ਅਵਾਰਡ ਵਿੱਚੋਂ ਇੱਕ ਪੇਸ਼ੇਵਾਰ ਅਤੇ ਇੱਕ ਹੀ ਗੈਰ ਪੇਸ਼ੇਵਾਰ ਨੂੰ ਦਿੱਤਾ ਜਾਵੇਗਾ। ਇਸ ਵਿੱਚ ਨਗਦ ਰਾਸ਼ੀ 10,000 ਰੁਪਏ, ਸ਼ੋਭਾ ਪੱਤਰ ਅਤੇ ਇੱਕ ਸਰਟੀਫਿਕੇਟ ਹੋਵੇਗਾ। ਸਭ ਤੋਂ ਵਧੀਆ ਸੰਸਥਾ (ਗੈਰ ਸਰਕਾਰ) ਦੀ ਸ਼੍ਰੇਣੀ ਵਿੱਚ ਦੋ ਅਵਾਰਡ ਦਿੱਤੇ ਜਾਣਗੇ ਜਿਸ ਵਿੱਚ ਨਗਦ ਰਾਸ਼ੀ 25,000 ਰੁਪਏ, ਸ਼ੋਭਾ ਪੱਤਰ ਅਤੇ ਇੱਕ ਸਰਟੀਫਿਕੇਟ ਹੋਵੇਗਾ।ਬੁਲਾਰੇ ਅਨੁਸਾਰ ਸਭ ਤੋਂ ਵਧੀਆ ਦਿਵਿਆਂਗ ਖਿਡਾਰੀ ਦੀ ਸ਼੍ਰੇਣੀ ਵਿੱਚ ਇੱਕ ਅਵਾਰਡ ਮਰਦ ਅਤੇ ਇੱਕ ਔਰਤ ਖਿਡਾਰੀ ਨੂੰ ਦਿੱਤਾ ਜਾਵੇਗਾ। ਇਸ ਵਿੱਚ ਨਗਦ ਰਾਸ਼ੀ 10,000 ਰੁਪਏ, ਸ਼ੋਭਾ ਪੱਤਰ ਅਤੇ ਇੱਕ ਸਰਟੀਫਿਕੇਟ ਹੋਵੇਗਾ। ਬੁਲਾਰੇ ਅਨੁਸਾਰ ਨਿਰਧਾਰਤ ਮਿਤੀ ਤੋਂ ਬਾਅਦ ਆਈਆਂ ਅਰਜ਼ੀਆਂ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ।