ਨੈਸ਼ਨਲ ਹਾਈਵੇ ਦੀ ਹਾਲਤ ਤਰਸਯੋਗ: ਕੌਂਸਲਰ ਨਸੀਬ ਬਾਵਾ
ਮੋਗਾ 01 ਸਤੰਬਰ (ਜਸ਼ਨ): ਜਿ਼ਲ੍ਹਾ ਸਿ਼ਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕੈਬਨਟ ਮੰਤਰੀ ਸੁਖ ਸਰਕਾਰੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਕਾਇਤ ਨਿਵਾਰਨ ਕਮੇਟੀ ਦੇ ਵੱਲੋਂ ਵੱਖਰੇ ਮੈਬਰਾਂ ਨੇ ਜਿ਼ਲ੍ਹੇ ਵਿੱਚ ਅਜਿਹੀਆਂ ਕਮੀਆਂ ਦਾ ਜਿਕਰ ਕੀਤਾ ਜਿਸ ਨਾਲ ਆਮ ਪਬਲਿਕ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਕਮੇਟੀ ਦੇ ਮੈਂਬਰ ਸ਼੍ਰੀ ਨਸੀਬ ਬਾਵਾ ਨੇ ਮਾਣਯੋਗ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਹਰ ਵਾਰਡ ਵਿੱਚ ਸਫਾਈ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਕਾਰਪੋਰੇਸ਼ਨ ਦੀ ਇੱਕ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਹਰ ਵਾਰਡ ਵਿੱਚ 3-3 ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ ਤਾਂ ਕਿ ਸ਼ਹਿਰ ਵਿੱਚ ਸਫਾਈ ਦੀ ਵਿਵਸਥਾ ਨੂੰ ਠੀਕ ਕੀਤਾ ਜਾ ਸਕੇ ਪ੍ਰੰਤੂ ਪਿਛਲੇ ਦੋ ਸਾਲ ਤੋਂ ਇਸ ਮਤੇ ਨੂੰ ਮਨਜੂਰੀ ਨਹੀਂ ਦਿੱਤੀ ਗਈ ਅਤੇ ਸਫਾਈ ਦਾ ਹੋਰ ਵੀ ਮਾੜਾ ਹਾਲ ਹੋ ਚੁੱਕਾ ਹੈ। ਪਿੱਛਲੇ ਲੰਮੇ ਸਮੇਂ ਤੋਂ ਸ਼ਹਿਰ ਦੀਆਂ ਸੀਵਰੇਜ਼ ਲਾਈਨਾਂ ਨੂੰ ਵੀ ਸ਼ਾਫ ਨਹੀਂ ਕਰਵਾਇਆ ਗਿਆ ਇਹ ਤਾਂ ਪ੍ਰਮਾਤਮਾਂ ਦੀ ਕ੍ਰਿਪਾ ਹੈ ਮੋਗੇ ਸ਼ਹਿਰ ਦੇ ਏਰੀਏ ਵਿੱਚ ਮੀਂਹ ਘੱਟ ਪਏ ਹਨ ਪ੍ਰੰਤੂ ਫਿਰ ਵੀ ਸੀਵਰੇਜ਼ ਬੰਦ ਹੋਣ ਦੀਆਂ ਵਾਰ ਵਾਰ ਸਿ਼ਕਾਇਤਾਂ ਆ ਰਹੀਆਂ ਹਨ ਇਸ ਲਈ ਸ਼ਹਿਰ ਦੀਆਂ ਸਾਰੀਆਂ ਸੀਵਰੇਜ਼ ਲਾਇਨਾਂ ਦੀ ਸਫਾਈ ਪਹਿਲ ਦੇ ਆਧਾਰ ਤੇ ਕੀਤੀ ਜਾਵੇ। ਸ੍ਰ਼ੀ ਬਾਵਾ ਨੇ ਨੈਸ਼ਨਲ ਹਾਈਵੇ ਦਾ ਮੁੱਦਾ ਫਿਰ ਇੱਕ ਵਾਰ ਸਿ਼ਕਾਇਤ ਨਿਵਾਰਨ ਕਮੇਟੀ ਵਿੱਚ ਲਿਆਂਦਾ ਅਤੇ ਬੇਨਤੀ ਕੀਤੀ ਕਿ ਕਾਨੂੰਨ ਅਨੁਸਾਰ ਮੇਨ ਨੈਸ਼ਨਲ ਹਾਈਵੇ ਤੇ ਮਾੜੀ ਸੜਕ ਕਾਰਨ ਜੋ ਵੀ ਹਾਦਸਾ ਹੁੰਦਾ ਹੈ ਉਸ ਤੇ ਸੜਕ ਦੇ ਪ੍ਰਬੰਧਕਾਂ ਤੇ ਫੌਜਦਾਰੀ ਪਰਚਾ ਦਰਜ ਹੋ ਸਕਦਾ ਹੈ ਫਿਰ ਹਰ ਰੋਜ ਹੋ ਰਹੇ ਹਾਦਸਿਆਂ ਵਿੱਚ ਪੁਲਿਸ ਅਜਿਹਾ ਕਿਉਂ ਨਹੀਂ ਕਰਦੀ। ਇਸ ਲਈ ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜਿਸ ਵੀ ਵਿਅਕਤੀ ਦੇ ਸੜਕੀ ਆਵਾਜਾਈ ਵਿੱਚ ਸੱਟਾਂ ਵਜਦੀਆਂ ਹਨ ਤਾਂ ਉਨ੍ਹਾਂ ਨੂੰ ਸੜਕ ਦੇ ਪ੍ਰਬੰਧਕਾਂ ਤੇ ਪਰਚਾ ਦਰਜ ਕਰਾਉਣਾ ਬਣਦਾ ਹੈ ਅਤੇ ਜਿਨ੍ਹਾਂ ਬਦਕਿਸਮਤ ਲੋਕਾਂ ਦੀ ਹਾਦਸੇ ਵਿੱਚ ਮਾੜੀ ਸੜਕ ਕਰਕੇ ਮੌਤ ਹੋ ਜਾਂਦੀ ਹੈ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੜਕ ਪ੍ਰਸਾਸ਼ਨ ਖਿਲਾਫ ਐਫ.ਆਈ.ਆਰ. ਦਰਜ ਕਰਾਉਣ। ਮਾਣਯੋਗ ਐਸ.ਐਸ.ਪੀ. ਸਾਹਿਬ ਨੇ ਕਿਹਾ ਕਿ ਜੇਕਰ ਕੋਈ ਅਜਿਹੀ ਸ਼ਕਾਇਤ ਕਰੇਗਾ ਤਾਂ ਉਹ ਕਸੂਰਵਾਰ ਸੜਕ ਪ੍ਰਸਾਸ਼ਨ ਦੇ ਖਿਲਾਫ ਪਰਚਾ ਜਰੂਰ ਦਰਜ ਕਰਾਉਣਗੇ, ਸ਼੍ਰੀ ਬਾਵਾ ਨੇ ਕਿਹਾ ਕਿ ਉਹ ਮਾਣਯੋਗ ਐਸ.ਐਸ.ਪੀ., ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਪਹਿਲਾਂ ਵੀ ਪੱਤਰ ਲਿਖ ਕੇ ਅਜਿਹਾ ਕਰਨ ਲਈ ਲਿਖ ਚੁੱਕੇ ਹਨ।