ਹੜ ਪੀੜਤ ਕਿਸਾਨਾਂ ਮਜ਼ਦੂਰਾਂ ਤੇ ਹੋਰ ਲੋਕਾਂ ਦੇ ਜਾਨੀ/ਮਾਲੀ ਤੇ ਫ਼ਸਲੀ ਨੁਕਸਾਨ ਦਾ ਪੂਰਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ
ਚੰਡੀਗੜ 31 ਅਗਸਤ (ਜਸ਼ਨ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹੜਾਂ ਦੀ ਮਾਰ ਹੇਠ ਆਏ ਲੱਖਾਂ ਕਿਸਾਨਾਂ ਮਜ਼ਦੂਰਾਂ ਤੇ ਹੋਰ ਲੋਕਾਂ ਦੇ ਹੋਏ ਜਾਨੀ/ਮਾਲੀ ਤੇ ਫ਼ਸਲੀ ਨੁਕਸਾਨ ਦਾ ਪੂਰਾ-ਪੂਰਾ ਮੁਆਵਜ਼ਾ ਤੁਰੰਤ ਦੇਣ ਤੋਂ ਇਲਾਵਾ ਮੁੜ ਵਸੇਬਾ ਰਾਹਤ ਦੇ ਪੁਖਤਾ ਪ੍ਰਬੰਧ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਦੋਸ਼ ਲਾਇਆ ਗਿਆ ਹੈ ਕਿ ਇਸ ਤਬਾਹੀ ਲਈ ਮੁੱਖ ਤੌਰ ’ਤੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ। ਕਿਉਕਿ ਕੇਂਦਰ ਅਧੀਨ ਭਾਖੜਾ ਡੈਮ ਦੇ ਫਲੱਡ ਗੇਟ ਅਗਾੳੂਂ ਸਹਿੰਦੇ-ਸਹਿੰਦੇ ਖੋਲਣ ਦੀ ਬਜਾਏ ਇੱਕਦਮ ਜ਼ਿਆਦਾ ਖੋਲ ਕੇ ਸਤਲੁਜ ਦਰਿਆ ’ਚ ਬੰਨ-ਤੋੜ ਹੜਾਂ ਦੀ ਸਥਿਤੀ ਪੈਦਾ ਕਰਨ ਦੇ ਦੋਸ਼ ਇਸ ਖੇਤਰ ਦੇ ਮਾਹਰਾਂ ਵੱਲੋਂ ਵੀ ਲਾਏ ਗਏ ਹਨ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਦਰਿਆਈ ਬੰਨ ਮਜ਼ਬੂਤ ਕਰਨ ਦੀ ਬਜਾਏ ਰੇਤ ਮਾਫ਼ੀਆ ਨੂੰ ਬੰਨਾਂ ਲਾਗੇ ਬੇਹੱਦ ਡੂੰਘੀਆਂ ਰੇਤਾਂ ਖੱਡਾਂ ਗੈਰਕਾਨੂੰਨੀ ਤੌਰ ’ਤੇ ਪੁੱਟਣ ਦੀ ਖੁੱਲ ਦੇ ਕੇ ਸਥਿਤੀ ਨੂੰ ਬਦ ਤੋਂ ਬਦਤਰ ਬਣਾਉਣ ’ਚ ਹਿੱਸਾ ਪਾਇਆ ਗਿਆ। ਨਦੀ-ਨਾਲਿਆਂ ਅਤੇ ਸੇਮਾਂ, ਨਹਿਰਾਂ, ਸੀਵਰੇਜ ਆਦਿ ਦੀ ਸਫ਼ਾਈ ਵੱਲੋਂ ਅੱਖਾਂ ਮੀਚਣ ਕਰਕੇ ਦਰਿਆਵਾਂ ਤੋਂ ਦੂਰ ਵਾਲੇ ਨੀਵੇਂ ਇਲਾਕਿਆਂ ਸਣੇ ਕਈ ਸ਼ਹਿਰਾਂ ਅੰਦਰ ਭਰੇ ਲੱਕ-ਲੱਕ ਪਾਣੀ ਨੇ ਵੀ ਕਈ ਥਾਂਈਂ ਕਾਫ਼ੀ ਨੁਕਸਾਨ ਕੀਤਾ ਹੈ। ਹੰਗਾਮੀ ਸਰਕਾਰੀ ਰਾਹਤ-ਕਾਰਜਾਂ ’ਚ ਵਰਤੀ ਢਿੱਲ ਨੇ ਵੀ ਲੋਕਾਂ ਦੀਆਂ ਮੁਸਕਲਾਂ ’ਚ ਵਾਧਾ ਕੀਤਾ ਹੈ। ਇਹ ਤਾਂ ਸਮਾਜਿਕ/ਧਾਰਮਿਕ ਤੇ ਲੋਕ-ਪੱਖੀ ਜਥੇਬੰਦੀਆਂ ਦੇ ਸਮੇਂ ਸਿਰ ਉੱਦਮਾਂ ਨਾਲ ਤੁਰੰਤ ਰਾਹਤ ਰਾਹੀਂ ਭੁੱਖਮਰੀ ਵਰਗੀ ਹਾਲਤ ਪੈਦਾ ਹੋਣੋਂ ਬਚਾਅ ਹੋਇਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਤੁਰਤਪੈਰੀ ਰਾਹਤ ਵਜੋਂ ਜਿੱਥੇ ਹੜਾਂ ਰਾਹੀਂ ਖੇਤਾਂ, ਮਕਾਨਾਂ ਤੇ ਗਲੀਆਂ ਨਾਲੀਆਂ ’ਚ ਭਰੀ ਰੇਤਾ ਦੀਆਂ ਮੋਟੀਆਂ ਤਹਿਆਂ ਸਾਫ਼ ਕਰਕੇ ਲੋਕਾਂ ਨੂੰ ਰਾਹਤ-ਕੈਂਪਾਂ ’ਚੋਂ ਘਰੋ-ਘਰੀ ਪਹੁੰਚਾਉਣਾ ਚਾਹੀਦਾ ਹੈ, ਉੱਥੇ ਖਾਣ ਲਈ ਦਾਣੇ ਤੇ ਦਾਲਾਂ ਤੋਂ ਬਗੈਰ ਪਸ਼ੂਆਂ ਲਈ ਚਾਰਾ/ਤੂੜੀ ਦੇ ਪ੍ਰਬੰਧ ਵੀ ਕਰਨ ਦੀ ਲੋੜ ਹੈ। ਜਾਨ-ਮਾਲ ਅਤੇ ਫਸਲੀ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾ ਕੇ ਹੋਏ ਨੁਕਸਾਨ ਦੇ ਪੂਰੇ-ਪੂਰੇ ਮੁਆਵਜ਼ੇ ਦੀ ਅਦਾਇਗੀ ਵੀ ਤੁਰੰਤ ਕੀਤੀ ਜਾਵੇ। ਬਿਆਨ ਦੇ ਅਖੀਰ ’ਚ ਕਿਸਾਨ ਆਗੂਆਂ ਵੱਲੋਂ ਸਮੁੱਚੇ ਰਾਜ ਪ੍ਰਬੰਧ ਦੇ ਆਮ ਲੋਕਾਂ ਪ੍ਰਤੀ ਟਰਕਾੳੂ ਵਤੀਰੇ ਦੇ ਮੱਦੇਨਜ਼ਰ ਸਮੂਹ ਪੀੜਤ ਲੋਕਾਂ ਨੂੰ ਇਹਨਾਂ ਮੰਗਾਂ ਦੀ ਪੂਰਤੀ ਲਈ ਜਾਤਾਂ/ਗੋਤਾਂ, ਧਰਮਾਂ ਤੇ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕਜੁਟ ਸੰਘਰਸ਼ ਦੇ ਮੈਦਾਨ ’ਚ ਨਿੱਤਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਜਥੇਬੰਦੀ ਵੱਲੋਂ ਅਜਿਹੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਭਰੋਸਾ ਦਿੱਤਾ ਗਿਆ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ