ਚਿੱਟੇ ਦੀ ਆੜ ਵਿੱਚ ਰਿਸ਼ਵਤਖੋਰੀ ਕਰਨ ਵਾਲੇ ਏ ਐਸ ਆਈ ਨੂੰ ਬਰਖਾਸਤ ਕਰਨ ਲਈ ਡੀ ਜੀ ਪੀ ਨੂੰ ਲਿਖੀ ਚਿੱਠੀ
ਲੁਧਿਆਣਾ,30 ਅਗਸਤ(ਇੰਟਰਨੈਸ਼ਨਲ ਪੰਜਾਬੀ ਨਿਊਜ਼):ਲੋਕ ਇਨਸਾਫ ਪਾਰਟੀ ਵਲੋਂ ਰਿਸ਼ਵਤਖੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਛੇੜੀ ਗਈ ਮਹਿੰਮ ਬਾਦਸਤੂਰ ਜਾਰੀ ਹੈ ਅਤੇ ਜਾਰੀ ਰਹੇਗੀ, ਰਿਸ਼ਵਤਖੋਰ ਬੇਸ਼ੱਕ ਕਿਸੇ ਵੀ ਉੱਚ ਅਹੁਦੇ ਤੇ ਬੈਠਾ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਇਹ ਖੁਲਾਸਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਰਕੋਟਿਕ ਸੈੱਲ ਵਿੱਚ ਹੀ ਤੈਨਾਤ ਏਐਸਆਈ ਨੂੰਂ ਨਸ਼ੇ (ਚਿੱਟੇ) ਦੀ ਆੜ ਵਿੱਚ ਇੱਕ ਵਿਅਕਤੀ ਤੋਂ 7 ਹਜਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਕਾਬੂ ਕੀਤਾ ਸੀ, ਜਿਸ ਨੂੰ ਨੌਕਰੀ ਤੋਂ ਬਰਤਰਫ ਕਰਨ ਲਈ ਉਨਾਂ ਡੀਜੀਪੀ ਸਮੇਤ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜੀ ਹੈ। ਉਨਾਂ ਦੱਸਿਆ ਕਿ ਏ.ਐਸ.ਆਈ. ਮੇਜਰ ਸਿੰਘ ਵਲੋਂ ਮੇਰੇ ਹਲਕੇ ਦੇ ਇੱਕ ਵਿਅਕਤੀ ਸੋਨੂੰ ਬਜਾਜ ਨੂੰ ਇੱਕ ਝੂਠੇ ਨਸ਼ੇ (ਚਿੱਟੇ) ਦੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੇ ਹੋਏ 7 ਹਜਾਰ ਰੁਪਏ ਰਿਸ਼ਵਤ ਲਈ ਗਈ। ਸੋਨੂੰ ਬਜਾਜ ਦਾ ਭਾਣਜਾ ਜੋ ਉਸ ਕੋਲ ਰਹਿੰਦਾ ਸੀ ਜੋ ਕਿਸੇ ਕੇਸ ਵਿੱਚ ਭਗੌੜਾ ਸੀ, ਜਿਸ ਨੂੰ ਏ.ਐਸ.ਆਈ ਮੇਜਰ ਸਿੰਘ ਸਮੇਤ ਪੁਲਸ ਪਾਰਟੀ ਨੇ ਉਸ ਦੇ ਘਰ ਤੋਂ ਫੜ ਲਿਆ ਅਤੇ ਲੈ ਗਈ। ਜਿਸ ਤੋਂ ਬਾਅਦ ਉਕਤ ਏ.ਐਸ.ਆਈ. ਮੇਜਰ ਸਿੰਘ ਨੇ ਆਪਣੇ ਹੀ ਫੋਨ ਤੋਂ ਉਸ ਦੇ ਭਾਣਜੇ ਤੋਂ ਬਾਰ ਬਾਰ ਫੋਨ ਕਰਵਾਇਆ ਅਤੇ ਕਹਿਣ ਲਈ ਮਜਬੂਰ ਕੀਤਾ ਕਿ ਆਪਣੇ ਮਾਮੇ ਨੂੰ ਕਹੋ ਕਿ 10 ਹਜਾਰ ਰੁਪਏ ਦੇਵੇ ਨਹੀਂ ਤਾਂ ਤੇਰੇ ਮਾਮੇ ਦਾ ਨਾਮ ਵੀ ਇਸ ਕੇਸ ਵਿੱਚ ਪਾ ਦਿੱਤਾ ਜਾਵੇਗਾ। ਇਸ ਦੌਰਾਨ ਏ.ਐਸ.ਆਈ. ਵਲੋਂ ਵੀ ਸੋਨੂੰ ਬਜਾਜ ਨੂੰ ਨਸ਼ੇ ਦੇ ਮਾਮਲੇ ਵਿੱਚ ਫਸਾਉਣ ਲਈ ਮਜਬੂਰ ਕੀਤਾ ਗਿਆ। ਵਿਧਾਇਕ ਬੈਂਸ ਅਨੁਸਾਰ ਇਸ ਸਬੰਧੀ ਸੋਨੂੰ ਬਜਾਜ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਆਪਣੀ ਪਾਰਟੀ ਦੇ ਨੁਮਾਇੰਦੇ ਰਵਿੰਦਰ ਪਾਲ ਸਿੰਘ ਨੂੰ ਪੀੜਤ ਦੀ ਮਦਦ ਕਰਨ ਲਈ ਨਾਲ ਭੇਜਿਆ। ਜਿਸ ਤੋਂ ਬਾਅਦ ਸੋਨੂੰ ਬਜਾਜ ਨੇ ਉਕਤ ਅਧਿਕਾਰੀ ਨੂੰ ਸਮਰਾਲਾ ਰੌਡ, ਸੈਕਟਰ 32 ਦੇ ਨੇੜੇ ਜਾ ਕੇ 7 ਹਜਾਰ ਰੁਪਏ ( 500-500 ਵਾਲੇ 14 ਨੋਟ) ਰਿਸ਼ਵਤ ਵਜੋਂ ਦਿੱਤੇ ਤਾਂ ਰਵਿੰਦਰ ਪਾਲ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਨਾਲ ਮੀਡੀਆ ਕਰਮੀਆਂ ਦੀ ਹਾਜਰੀ ਵਿੱਚ ਏ.ਐਸ.ਆਈ.ਦੀ ਜੇਬ ਵਿੱਚੋਂ ਉਕਤ ਨੋਟ ਕਢਵਾਏ ਅਤੇ ਸੋਨੂੰ ਬਜਾਜ ਨੂੰ ਵਾਪਸ ਕਰਵਾਏ। ਇਸ ਦੌਰਾਨ ਏ.ਐਸ.ਆਈ. ਨੇ ਸੋਨੂੰ ਬਜਾਜ ਸਮੇਤ ਹੋਰਨਾਂ ਸਾਰਿਆਂ ਕੋਲੋਂ ਮਾਫੀ ਮੰਗੀ। ਸਾਰੇ ਕਾਂਡ ਦੀ ਲਾਈਵ ਵੀਡੀਓ ਵੀ ਮੌਕੇ ਤੇ ਬਣਾਈ ਗਈ। ਵਿਧਾਇਕ ਬੈਂਸ ਨੇ ਦੱਸਿਆ ਕਿ ਡੀਜੀਪੀ ਪੰਜਾਬ ਸਮੇਤ ਹੋਰਨਾਂ ਪੁਲਸ ਅਧਿਕਾਰੀਆਂ ਨੂੰ ਉਨਾਂ ਸ਼ਿਕਾਇਤ ਕੀਤੀ ਹੈ ਕਿ ਉਕਤ ਏਐਸਆਈ ਮੇਜਰ ਸਿੰਘ ਜੋ ਨਾਰਕੋਟਿਕ ਸੈੱਲ ਵਿੱਚ ਤੈਨਾਤ ਹੈ ਅਤੇ ਇਸ ਦਾ ਕੰਮ ਹੀ ਨਸ਼ਾ ਵੇਚਣ ਵਾਲੇ ਸਮਗਲਰਾਂ ਨੂੰ ਫੜਨਾ ਹੈ ਪਰ ਇਹ ਨਸ਼ੇ ਦੀ ਆੜ ਵਿੱਚ ਹੀ ਨਸ਼ੇ ਦੇ ਹੀ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਇੱਕ ਵਿਅਕਤੀ ਨੂੰ ਦੇ ਰਿਹਾ ਹੈ ਅਤੇ ਨਸ਼ੇ ਦੇ ਕੇਸ ਵਿੱਚ ਫਸਾਉਣ ਲਈ ਹੀ ਰਿਸ਼ਵਤ ਲੈ ਰਿਹਾ ਹੈ। ਜਿਸ ਤੋਂ ਸਾਫ ਹੈ ਕਿ ਇਸ ਪੁਲਸ ਅਧਿਕਾਰੀ ਨੂੰ ਪੁਲਸ ਦੇ ਹੀ ਆਲਾ ਅਧਿਕਾਰੀਆਂ ਦਾ ਡਰ ਨਹੀਂ ਹੈ। ਉਨਾਂ ਉਕਤ ਰਿਸ਼ਵਤਖੋਰ ਏ.ਐਸ.ਆਈ. ਮੇਜਰ ਸਿੰਘ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਕੇ ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਜਿੱਥੇ ਪੁਲਸ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਇੱਕ ਸਬਕ ਮਿਲ ਸਕੇ ਉਥੇ ਪੁਲਸ ਵਿਭਾਗ ਦੀ ਕਾਰਗੁਜਾਰੀ ਸਬੰਧੀ ਸ਼ਹਿਰ ਵਾਸੀਆਂ ਦਾ ਵਿਸ਼ਵਾਸ਼ ਵੀ ਬਣਿਆ ਰਹੇ।