ਸਿਹਤ ਵਿਭਾਗ ਹੜ ਨਾਲ ਪ੍ਰਭਾਵਿਤ ਖੇਤਰ ਵਿਚ ਲੋਕਾਂ ਨੂੰ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਕਰ ਰਿਹਾ ਹੈ ਆਈ.ਈ.ਸੀ. ਦੀਆਂ ਗਤੀਵਿਧੀਆਂ

ਮੋਗਾ, 29 ਅਗਸਤ-(ਜਸ਼ਨ): ਹੜਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਹੜਾਂ ਤੋਂ ਬਾਅਦ ਆਉਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਇੱਥੋਂ ਦੇ ਹੜਾਂ ਤੋਂ ਪ੍ਰਭਾਵਿਤ ਧਰਮਕੋਟ ਖੇਤਰ ਵਿੱਚ ਸੂਚਨਾ ਸਿੱਖਿਆ ਸੰਚਾਰ (ਆਈ.ਸੀ.ਆਈ.) ਦੀਆਂ ਗਤੀਵਿਧੀਆਂ ਕਰ ਰਿਹਾ ਹੈ। ਕਾਰਜਕਾਰੀ ਸਿਵਲ ਸਰਜਨ ਡਾ: ਅਰਵਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਸਿਹਤ ਟੀਮਾਂ ਨੇ ਹੜ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕੀਤਾ। ਡਾ: ਗਿੱਲ ਨੇ ਕਿਹਾ ਕਿ ਆਈ.ਈ.ਸੀ. ਦੀਆਂ ਗਤੀਵਿਧੀਆਂ ਲੋਕਾਂ ਨੂੰ ਪਾਣੀ, ਹਵਾ ਅਤੇ ਵੈਕਟਰ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਉਨਾਂ ਦੱਸਿਆ ਕਿ ਦਸਤ, ਪੀਲੀਆ, ਟਾਈਫਾਈਡ, ਹੈਜ਼ਾ, ਵੈਕਟਰ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ, ਅਤੇ ਡੇਂਗੂ ਆਦਿ ਬਿਮਾਰੀਆਂ, ਚਮੜੀ ਅਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਹੜ ਦੀ ਸਥਿਤੀ ਤੋਂ ਬਾਅਦ ਸਫਾਈ ਦੀ ਘਾਟ ਕਾਰਨ ਫੈਲਦੀਆਂ ਹਨ। ਡਾ. ਗਿੱਲ ਨੇ ਕਿਹਾ ਕਿ ਹੜਾਂ ਤੋਂ ਪ੍ਰਭਾਵਤ ਪਿੰਡਾਂ ਵਿੱਚ ਫਸੀਆਂ ਔੈਰਤਾਂਂ ਦੀ ਸਿਹਤ ਦੀ ਜ਼ਰੂਰਤ ਨੂੰ ਵੇਖਦਿਆਂ ਸਿਹਤ ਵਿਭਾਗ ਨੇ 700 ਸੈਨੇਟਰੀ ਨੈਪਕਿਨ ਵੀ ਵੰਡੇ। ਉੁਨਾਂ ਹੜ ਨਾਲ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਸਿਰਫ ਉਬਲਿਆ ਹੋਇਆ ਪਾਣੀ ਪੀਣ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਉਹ 20 ਲਿਟਰ ਪਾਣੀ ਵਿੱਚ ਇੱਕ ਕਲੋਰੀਨ ਦੀ ਗੋਲੀ ਵੀ ਸੁੱਟ ਸਕਦੇ ਹਨ ਜੋ ਅੱਧੇ ਘੰਟੇ ਬਾਅਦ ਪੀਣ ਲਈ ਵਰਤਿਆ ਜਾ ਸਕਦਾ ਹੈ। ਡਾ: ਗਿੱਲ ਨੇ ਦੱਸਿਆ ਕਿ ਜਿਵੇਂ ਹੀ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹਨ, ਸਿਹਤ ਵਿਭਾਗ ਨੇ ਵੀ ਇਲਾਕੇ ਵਿੱਚ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਖੇਤਰ ਵਿੱਚ ਫੋਗਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ.) ਕੋਟ ਈਸੇ ਖਾਂ ਸਿਵਲ ਹਸਪਤਾਲ ਦੀ ਅਗਵਾਈ ਵਾਲੀ ਚਾਰ ਮੈਡੀਕਲ ਟੀਮਾਂ ਨੂੰ ਨਿਯਮਤ ਚੈਕਅੱਪ ‘ਤੇ ਲਗਾਇਆ ਗਿਆ ਹੈ ਅਤੇ ਸਿਹਤ ਵਿਭਾਗ ਨੇ ਹੜਾਂ ਤੋਂ ਪ੍ਰਭਾਵਿਤ ਖੇਤਰ ਵਿਚ ਇਕ ਮੈਡੀਕਲ ਮੋਬਾਈਲ ਯੂਨਿਟ ਵੀ ਤਾਇਨਾਤ ਕੀਤੀ ਹੈ।


