ਐਮਰਜੈਂਸੀ ਹੈਲਪਲਾਈਨ ਨੰਬਰ 112 ਨੰਬਰ ਦੀ ਮੋਗਾ ‘ਚ ਹੋਈ ਸ਼ੁਰੂਆਤ

ਮੋਗਾ 29 ਅਗਸਤ:(ਜਸ਼ਨ):  ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਅਤੇ ਪੰਜਾਬ ਪੁਲਿਸ ਵਿਭਾਗ ਨੂੰ ਹਾਈਟੈੱਕ ਕਰਨ ਲਈ ਅੱਜ ਮੋਗਾ ਪੁਲਿਸ ਵੱਲੋ 112 ਹੈਲਪਲਾਈਨ ਨੰਬਰ ਦੀ ਸ਼ੁਰੂਆਤ ਗਈ  ਹੈ। ਇਹ ਸ਼ੁਰੂਆਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਅਮਰਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਰਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ (ਸ) ਮੋਗਾ ਵੱਲੋ ਕੀਤੀ ਗਈ।  ਸੀਨੀਅਰ ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਜਿਲਾ ਮੋਗਾ ਦੇ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਕਿਸਮ ਦੀ ਪੁਲਿਸ ਸਹਾਇਤਾ ਦੀ ਲੋੜ ਹੋਵੇ ਤਾਂ ਉਹ 112 ਨੰਬਰ ਡਾਇਲ ਕਰਕੇ ਸੂਚਨਾ ਦੇ ਸਕਦਾ ਹੈ। ਉਨਾਂ ਦੱਸਿਆ ਕਿ ਇਹ ਕਾਲ ਸਿੱਧੀ ਮੋਹਾਲੀ ਕੰਟ੍ਰੋਲ ਰੂਮ ਵਿੱਚ ਜਾਵੇਗੀ ਜਿੱਥੋ ਅੱਗੇ ਜਿਲਾ ਮੋਗਾ ਨੂੰ  ਉਹ ਕਾਰਵਾਈ ਲਈ ਸੂਚਨਾ ਭੇਜ ਦੇਣਗੇ ਅਤੇ ਜਿਲਾ ਮੋਗਾ ਵਿਚ ਬਣੇ ਕੰਟਰੋਲ ਰੂਮ ਤੋਂ ਇਹ ਸੂਚਨਾ ਸਬੰਧਿਤ ਥਾਣਾ ਜਾਂ ਯੂਨਿਟ ਨੂੰ ਭੇਜ ਦਿੱਤੀ ਜਾਇਆ ਕਰੇਗੀ। ਉਨਾਂ ਦੱਸਿਆ ਕਿ ਇਹ ਹੈਲਪਲਾਈਨ ਨੰਬਰ ਅਡਵਾਂਸ ਟੈਕਨਾਲੌਜੀ ਦੀ ਵਰਤੋ ਕਰਕੇ ਬਣਾਇਆ ਗਿਆ ਹੈ ਜਿਸ ਨਾਲ ਸ਼ਿਕਾਇਤ ਕਰਤਾ ਦੀ ਲਾਈਵ ਲੋਕੇਸ਼ਨ ਮੋਹਾਲੀ ਕੰਟ੍ਰੋਲ ਰੂਮ ਵਿੱਚ ਬੈਠੇ ਅਧਿਕਾਰੀਆਂ ਕੋਲ ਪਹੁੰਚ ਜਾਇਆ ਕਰੇਗੀ ਅਤੇ ਉਹ ਮੋਗਾ ਪੁਲਿਸ ਨੂੰ ਸੂਚਨਾ ਭੇਜਣਗੇ ਤਾਂ ਕਿ ਉਹ ਛੇਤੀ ਤੋ ਛੇਤੀ ਸ਼ਿਕਾਇਤ ਕਰਤਾ ਦੀ ਸਮੱਸਿਆ ਦਾ ਹੱਲ ਕਰ ਸਕਣ। ਉਨਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਤੇ ਦਰਜ ਸ਼ਿਕਾਇਤਾਂ ਨੂੰ ਸਮਾਂ ਬੱਧ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ ਆਪਣੀ ਸ਼ਿਕਾਇਤ ਸਬੰਧੀ ਕੀਤੀ ਗਈ ਕਾਰਵਾਈ ਦੇਖਣ ਲਈ ਕੰਪਿਊਟਰਾਈਜ਼ਡ ਰਿਕਾਰਡ ਲੈ ਸਕਦਾ ਹੈ।   ਪੁਲਿਸ ਵਿਭਾਗ ਦੀ ਪਹਿਲਾਂ ਵਾਲੀ ਹੈਲਪਲਾਈਨ ਜਿਸਦਾ ਨੰਬਰ 100 ਹੈ ਵੀ ਹਾਲੇ ਜਾਰੀ ਰਹੇਗਾ।