ਵਿਨੋਦ ਬਾਂਸਲ ਨੇ ਸੰਭਾਲਿਆ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦਾ ਅਹੁਦਾ
ਮੋਗਾ 28 ਅਗਸਤ:(ਜਸ਼ਨ): ਕਾਂਗਰਸ ਦੇ ਸਿਟੀ ਪ੍ਰਧਾਨ ਸ੍ਰੀ ਵਿਨੋਦ ਬਾਂਸਲ ਨੇ ਅੱਜ ਨਗਰ ਸੁਧਾਰ ਟਰੱਸਟ ਦੇ ਵਿਹੜੇ ਵਿਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਨਗਰ ਨਿਗਮ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹੋਏ ਸਮਾਗਮ ਦੌਰਾਨ ਮੋਗਾ ਵਿਧਾਇਕ ਡਾ. ਹਰਜੋਤ ਕਮਲ, ਡਾ: ਮਾਲਤੀ ਥਾਪਰ,ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ,ਬੀਬੀ ਜਗਦਰਸ਼ਨ ਕੌਰ ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ,ਰਮੇਸ਼ ਕੁੱਕੂ,ਹਰੀ ਸਿੰਘ ਖਾਈ ਪ੍ਰਧਾਨ ਜਾਟ ਮਹਾਂ ਸਭਾ,ਉਪਿੰਦਰ ਗਿੱਲ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ, ਵਧੀਕ ਡਿਪਟੀ ਕਮਿਸ਼ਨਰ ਜਰਨਲ ਅਨੀਤਾ ਦਰਸ਼ੀ, ਸੀਨੀਅਰ ਕਪਤਾਨ ਪੁਲਿਸ ਅਮਰਜੀਤ ਸਿੰਘ ਬਾਜਵਾ, ਰਵਿੰਦਰ ਗੋਇਲ ਸੀ.ਏ., ਦਵਿੰਦਰਪਾਲ ਸਿੰਘ ਰਿੰਪੀ ਨੇ ਨਿੱਜੀ ਤੌਰ ਤੇ ਸ਼ਿਰਕਤ ਕਰਦਿਆਂ ਸ਼੍ਰੀ ਬਾਂਸਲ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਵਿਨੋਦ ਬਾਂਸਲ ਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ।
ਧਾਰਮਿਕ ਸਮਾਗਮ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇਸ਼ ਭਗਤਾਂ ਦੁਆਰਾ ਥਾਪੀ ਗਈ ਉਹ ਪਾਰਟੀ ਹੈ ਜੋ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਪ੍ਰਣਾਈ ਹੋਣ ਕਰਕੇ ਆਪਣੇ ਵਰਕਰਾਂ ਨੂੰ ਮਾਣ ਸਨਮਾਨ ਦਿੰਦੀ ਹੈ ਅਤੇ ਵਿਨੋਦ ਬਾਂਸਲ ਨੂੰ ਪਾਰਟੀ ਵੱਲੋਂ ਦਿੱਤਾ ਇਹ ਸਨਮਾਨ ਦਰਅਸਲ ਕਾਂਗਰਸ ਦੇ ਸਮੂਹ ਵਰਕਰਾਂ ਦਾ ਹੀ ਸਨਮਾਨ ਹੈ। ਇਸ ਮੌਕੇ ਸ੍ਰੀ ਬਾਂਸਲ ਨੇ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਐਮ.ਐਲ.ਏ. ਹਲਕਾ ਮੋਗਾ ਡਾ. ਹਰਜੋਲ ਅਤੇ ਸ਼ਹਿਰ ਦੀ ਸਮੂਹ ਕਾਂਗਰਸ ਲੀਡਰਸ਼ਿਪ ਦਾ ਤਹਿ ਦਿਲੋ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਮੋਗਾ ਸ਼ਹਿਰ ਵਾਸੀਆਂ ਨੂੰ ਰਿਹਾਇਸ਼ੀ ਪਲਾਟ ਨਵੀਆਂ ਸਕੀਮਾਂ ਤਹਿਤ ਮੁਹੱਈਆ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਇਸ ਸਮੇਂ ਨਗਰ ਸੁਧਾਰ ਟਰੱਸਟ ਮੋਗਾ ਦੀਆਂ 7 ਵਿਕਾਸ ਸਕੀਮਾਂ ਹਨ ਇਨਾਂ ਵਿੱਚ 5-5 ਏਕੜ ਦੀਆਂ ਦੋ ਰਿਹਾਇਸ਼ੀ ਅਤੇ 2 ਕਮਰਸ਼ੀਅਲ ਸਕੀਮਾਂ ਇਸ ਸਮੇਂ ਚੱਲ ਰਹੀਆਂ ਹਨ। ਉਨਾਂ ਦੱਸਿਆ ਕਿ ਮੋਗਾ ਸ਼ਹਿਰ ਵਿੱਚ ਪਹਿਲਾਂ ਨਗਰ ਕੌਸਲ ਸੀ ਜਿਸ ਦੀ ਲਿਮਿਟ ਅੰਦਰ ਜਗਾ ਖਾਲੀ ਨਹੀ ਸੀ ਪਰ ਹੁਣ ਮੋਗਾ ਸ਼ਹਿਰ ਨਗਰ ਨਿਗਮ ਬਣ ਜਾਣ ਕਰਕੇ ਬਾਊਡਰੀ ਲਿਮਿਟ ਵਧਣ ਸਦਕਾ ਸ਼ਹਿਰ ਵਿੱਚ ਕਾਫੀ ਜ਼ਮੀਨਾਂ ਖਾਲੀ ਪਈਆਂ ਨੇ ਜਿਸ ਤਹਿਤ ਰਿਹਾਇਸ਼ੀ ਪਲਾਟ ਮੁਹੱਈਆ ਕਰਵਾਏ ਜਾ ਸਕਦੇ ਹਨ। ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਇਹ ਵੀ ਪ੍ਰਣ ਲਿਆ ਕਿ ਉਹ ਸ਼ਹਿਰ ਦੀ ਸੁੰਦਰਤਾ ਲਈ ਵੀ ਨਗਰ ਸੁਧਾਰ ਟਰੱਸਟ ਵੱਲੋਂ ਪੂਰਾ ਯੋਗਦਾਨ ਪਾਉਣਗੇ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ ਕਮਰਸ਼ੀਅਲ ਕੰਪਲੈਕਸ ਵਿੱਚ 42 ਬੂਥਾਂ/ਦੁਕਾਨਾਂ ਵਿੱਚੋ ਕੇਵਲ 9 ਯੁਨਿਟ ਹੀ ਵੇਚੇ ਗਏ ਹਨ ਅਤੇ ਲਗਭਗ 33 ਯੂਨਿਟ ਦੇ ਕਰੀਬ ਵੇਚਣਯੋਗ ਰਹਿੰਦੇ ਹਨ। ਉਨਾਂ ਕਿਹਾ ਕਿ ਉਹ ਜਲਦੀ ਹੀ ਨਿਲਾਮੀ ਦੁਆਰਾ ਸ਼ਹਿਰ ਵਾਸੀਆਂ ਨੂੰ ਕਾਰੋਬਾਰ ਲਈ ਦੁਕਾਨਾਂ/ਬੂਥ ਮੁਹੱਈਆ ਕਰਵਾਉਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੱਸਟ ਦੀਆਂ ਦੋਨੋ ਰਿਹਾਇਸ਼ੀ ਸਕੀਮਾਂ ਅਤੇ 3 ਕਮਰੀਸ਼ਲ ਸਕੀਮਾਂ ਵਿੱਚ ਬਾਕੀ ਰਹਿੰਦੇ ਵਿਕਾਸ ਦੇ ਕੰਮ ਫੁੱਟਪਾਥ, ਸੜਕਾਂ, ਸਕੀਮ ਦੀ ਬਾਊਡਰੀ ਵਾਲ ਆਦਿ ਤੋ ਜਲਦੀ ਤੋ ਜਲਦੀ ਡਿਵੈਲਪਮੈਟ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਆਧੁਨਿਕ ਕਲੋਨੀ ਦਾ ਰੂਪ ਦੇ ਦੇਣਗੇ। ਉਨਾਂ ਕਿਹਾ ਸਕੀਮਾਂ ਵਿੱਚ ਪੌਕਟਾਂ ਕਾਫੀ ਸਮੇ ਤੋ ਖਾਲੀ ਪਈਆਂ ਹਨ ਉਨਾਂ ਵਿੱਚ ਸ਼ਹਿਰ ਦੀ ਲੋੜ ਅਨੁਸਾਰ ਮਲਟੀਪਲੈਕਸ ਆਦਿ ਦੀ ਵਿਵਸਥਾ ਕਰਨ ਲਈ ਯਤਨ ਵੀ ਕਰਨਗੇ। ਉਨਾਂ ਕਿਹਾ ਕਿ ਮੁੱਖ ਬਜ਼ਾਰ ਦੇ ਵਿੱਚ ਥਾਣੇ ਦੇ ਨਾਲ ਲਗਦੀ ਜਗਾ ਵਿੱਚ ਸ਼ਹਿਰ ਵਾਸੀਆਂ ਲਈ ਪਾਰਕਿੰਗ ਦੀ ਸਹੂਲਤ ਲਈ ਜਲਦੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਉਹ ਵਿਧਾਇਕ ਡਾ: ਹਰਜੋਤ ਕਮਲ ਨਾਲ ਸਹਿਯੋਗ ਕਰਦਿਆਂ ਮੋਗਾ ਸ਼ਹਿਰ ਦ ਨਕਸ਼ ਨੁਹਾਰ ਬਦਲਣ ਲਈ ਪੂਰੀ ਤਰਾਂ ਯਤਨਸ਼ੀਲ ਰਹਿਣਗੇ। ਸਮਾਗਮ ਦੇ ਆਖਿਰ ‘ਚ ਉਹਨਾਂ ਸ਼ਹਿਰ ਵਾਸੀਆਂ ਨੂੰ ਟਰੱਸਟ ਦੇ ਕਿਸੇ ਵੀ ਕੰਮਕਾਜ ਲਈ ਉਨਾਂ ਨੂੰ ਸਿੱਧੇ ਤੌਰ ਤੇ ਮਿਲਣ ਦਾ ਖੁਲਾ ਸੱਦਾ ਦਿੱਤਾ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਗੁਰਵਿੰਦਰ ਸਿੰਘ ਜੌਹਲ ਤੋਂ ਇਲਾਵਾ ਜਵਾਹਰ ਲਾਲ ਸਿਵਿਆ ਕਾਰਜ ਸਾਧਕ ਅਫ਼ਸਰ, ਇੰਦਰਜੀਤ ਸਿੰਘ,ਡਾ ਪਵਨ ਥਾਪਰ,ਪਰਮਿੰਦਰ ਸਿੰਘ ਡਿੰਪਲ,ਆਤਮਾ ਸਿੰਘ ਨੇਤਾ, ਹਿੰਮਤ ਸਿੰਘ,ਗੁਰਿੰਦਰ ਸਿੰਘ,ਸੋਹਣ ਸਿੰਘ ਸੱਗੂ,ਚਰਨਜੀਤ ਸਿੰਘ, ਸੁਨੀਲ ਛਾਬੜਾ, ਡਾ. ਰਮੇਸ਼ ਕਾਂਸਲ, ਸ੍ਰ ਰਾਜੇਸ਼, ਰਾਮਪਾਲ ਧਵਨ ਅਤੇ ਇੰਪਰੂਵਮੈਟ ਟਰੱਸਟ ਦਾ ਸਮੂਹ ਸਟਾਫ ਹਾਜਰ ਸਨ।