ਲੋਕ ਇਨਸਾਫ ਪਾਰਟੀ ਨੇ ਹੜ੍ਹ ਪੀੜਤਾਂ ਲਈ ਭੇਜੀਆਂ ਦਵਾਈਆਂ ਤੇ ਡਾਕਟਰਾਂ ਦੀ ਟੀਮ,ਕੈਪਟਨਸਰਕਾਰ ਦੇ ਵਾਅਦੇ ਤੇ ਦਾਅਵੇ ਸਭ ਖੋਖਲੇ : ਬੈਂਸ
ਲੁਧਿਆਣਾ, 27 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਵਲੋਂ ਸਰਕਾਰ ਤੋਂ ਵੀ ਦੋ ਕਦਮ ਅੱਗੇ ਚਲਦੇ ਹੋਏ ਅੱਜ ਜਲੰਧਰ ਦੇ ਵੱਖ ਵੱਖ ਪਿੰਡਾਂ ਜਿਨਾਂ ਨੂੰ ਹੜ੍ਹ ਨੇ ਆਪਣੇ ਲਪੇਟ ਵਿੱਚ ਲੈ ਲਿਆ ਹੈ, ਦੇ ਨਿਵਾਸੀਆਂ ਲਈ ਡਾਕਟਰਾਂ ਦੀ ਟੀਮ ਦੇ ਨਾਲ ਨਾਲ ਕਰੀਬ 3 ਲੱਖ ਦੇ ਕਰੀਬ ਦੀਆਂ ਦਵਾਈਆਂ ਭੇਜੀਆਂ ਗਈਆਂ ਹਨ। ਜਿਨਾਂ ਨੂੰ ਰਵਾਨਾ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਸਰਕਾਰ ਨੂੰ ਫੇਲ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਜਾ ਰਹੇ ਦਾਅਵੇ ਅਤੇ ਵਾਅਦੇ ਖੋਖਲੇ ਹੀ ਸਾਬਿਤ ਹੋਏ। ਵਿਧਾਇਕ ਬੈਂਸ ਅੱਜ ਸਥਾਨਕ ਸਰਕਟ ਹਾਊਸ ਵਿੱਖੇ ਦਵਾਈਆਂ ਨਾਲ ਭਰੇ ਹੋਏ ਟੈਂਪੂ ਅਤੇ ਡਾਕਟਰਾਂ ਦੀ ਟੀਮ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਸਰਕਾਰ ਵਲੋਂ ਹੜ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਸਾਰੇ ਸ਼ਹਿਰਾਂ ਦੇ ਡੀਸੀ ਸਾਹਿਬਾਨ ਨੂੰ ਮੈਡੀਕਲ ਸੇਵਾਵਾਂ ਦੇ ਨਾਲ ਨਾਲ ਹੜ ਰੋਕਣ ਲਈ ਹਰ ਸੰਭਵ ਸਹਾਇਤਾ ਕਰਨ ਦੀ ਗੱਲ ਕੀਤੀ ਗਈ ਸੀ ਪਰ ਸੂਬੇ ਵਿੱਚ ਆਏ ਹੜਾਂ ਨਾਲ ਲੋਕਾਂ ਦੇ ਘਰ ਢਹਿ ਗਏ, ਫਸਲਾਂ ਖਰਾਬ ਹੋ ਗਈਆਂ, ਪਸ਼ੂ ਮਾਰੇ ਗਏ ਪਰ ਸਰਕਾਰ ਦੇ ਦਾਅਵਿਆਂ ਅਨਸਾਰ ਸੂਬੇ ਭਰ ਦੇ ਲੋਕਾਂ ਨੂੰ ਕਿਸ ਤਰਾਂ ਦੀ ਵੀ ਮਦਦ ਨਹੀਂ ਮਿਲ ਸਕੀ। ਸਰਕਾਰ ਦੇ ਦਾਅਵਿਆਂ ਦੇ ਉਲਟ ਕਿਸੇ ਪਿੰਡ ਵਿੱਚ ਨਾ ਹੀ ਰੇਤ ਦੀਆਂ ਭਰੀਆਂ ਬੋਰੀਆਂ ਦਾ ਇੰਤਜਾਮ ਨਹੀਂ ਸੀ, ਨਾ ਹੀ ਲੋਕਾਂ ਨੂੰ ਸਿਹਤ ਸੇਵਾਵਾਂ ਮਿਲੀਆਂ ਅਤੇ ਨਾ ਹੀ ਹੜਾਂ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ। ਇੱਥੋਂ ਤੱਕ ਕਿ ਲੋਕਾਂ ਨੇ 25-25 ਹਜਾਰ ਰੁਪਏ ਖਰਚ ਕੇ ਖੁਦ ਕਿਸ਼ਤਿਆਂ ਕਿਰਾਏ ਤੇ ਲਈਆਂ ਤੇ ਆਪਣੀ ਅਤੇ ਆਪਣੇ ਪਿੰਡ ਵਾਸੀਆਂ ਨੂੰ ਬਾਹਰ ਕੱਢ ਕੇ ਜਾਨ ਬਚਾਈ। ਉਨਾਂ ਦੱਸਿਆ ਕਿ ਦਵਾਈਆਂ ਦੇ ਨਾਲ ਨਾਲ ਡਾ. ਮਿਸ਼ਰਾ, ਡਾ. ਬਾਜਵਾ ਅਤੇ ਡਾ. ਗੁਰਪ੍ਰੀਤ ਕੌਰ ਸਮੇਤ ਡਾਕਟਰਾਂ ਅਤੇ ਉਨਾਂ ਦੇ ਸਹਿਯੋਗੀਆਂ ਦੀ ਟੀਮ ਭੇਜੀ ਗਈ ਹੈ, ਜੋ ਹੜ ਦੀ ਲਪੇਟ ਵਿੱਚ ਆਏ ਲੋਕਾਂ ਦਾ ਇਲਾਜ ਕਰੇਗੀ ਅਤੇ ਦਵਾਈਆਂ ਬਿਲਕੁਲ ਫਰੀ ਦਿੱਤੀਆਂ ਜਾਣਗੀਆਂ। ਉਨਾਂ ਸਮਾਜ ਸੇਵੀ ਸੰਸਥਾ ਖਾਲਸਾ ਏਡ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸੂਬੇ ਭਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਸਮੇਤ ਪੰਜਾਬ ਦੇ ਹਰ ਨਾਗਰਿਕ ਅਤੇ ਵਿਦੇਸ਼ਾਂ ਵਿੱਚ ਪੰਜਾਬ ਤੋਂ ਗਏ ਐਨ.ਆਰ.ਆਈਜ਼ ਨੂੰ ਵੀ ਬੇਨਤੀ ਕੀਤੀ ਕਿ ਹੜ ਪੀੜਤਾਂ ਦੀ ਮਦਦ ਕੀਤੀ ਜਾਵੇ ਅਤੇ ਹੋ ਸਕੇ ਤਾਂ ਹੜ ਪੀੜਤਾਂ ਦੀ ਮਦਦ ਨਗਦੀ ਦੇ ਰੂਪ ਵਿੱਚ ਕੀਤੀ ਜਾਵੇ, ਕਿਉਂਕਿ ਹੜ ਪੀੜਤਾਂ ਦੀ ਮਾਲੀ ਤੌਰ ਤੇ ਮਦਦ ਕੀਤੀ ਜਾ ਸਕੇ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂਆਂ ‘ਚ ਸ਼ਾਮਲ ਰਣਧੀਰ ਸਿੰਘ ਸਿਵਿਆ, ਜਸਵੰਤ ਸਿੰਘ ਗੱਜਣਮਾਜਰਾ, ਪ੍ਰਧਾਨ ਬਲਦੇਵ ਸਿੰਘ, ਗੁਰਨੀਤ ਪਾਲ ਸਿੰਘ ਪਾਹਵਾ, ਅਮਿਤ ਕਪੂਰ, ਗੁਰਮੀਤ ਸਿੰਘ ਮੁੰਡੀਆਂ, ਹਰਪ੍ਰਭ ਮਹਿਲ ਸਿੰਘ, ਸੰਨੀ ਕੈਂਥ, ਅਤੁਲ ਕਪੂਰ, ਸੁਰਜੀਤ ਸਿੰਘ ਡਿਪਟੀ, ਕੁਲਦੀਪ ਨੇਗੀ, ਜਸਪਾਲ ਸਿੰਘ ਰਿਐਤ, ਹਰਜੀਤ ਸਿੰਘ, ਹਰਵਿੰਦਰ ਸਿੰਘ ਨਿੱਕਾ, ਪਵਨਦੀਪ ਸਿੰਘ ਮਦਾਨ ਸਮੇਤ ਹੋਰ ਵੀ ਸ਼ਾਮਲ ਸਨ।