ਹੜ੍ਹ ਪੀੜਤਾਂ ਦੀ ਮਦਦ ਲਈ ਕੈਪਟਨ ਅਮਰਿੰਦਰ ਸਿੰਘ, ਸਮੂਹ ਮੰਤਰੀਆਂ ਅਤੇ ਐਮ.ਐਲ.ਏਜ਼ ਨੇ ਆਪਣੀ ਇੱਕ ਤਨਖਾਹ ਦੇਣ ਦਾ ਕੀਤਾ ਫੈਸਲਾ
ਮੋਗਾ, 24 ਅਗਸਤ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕੁਦਰਤੀ ਆਫ਼ਤਾਂ ਕਾਰਨ ਪੰਜਾਬ ਵਿੱਚ ਬਣੇ ਹੜ੍ਹਾਂ ਦੇ ਮੌਜੂਦਾ ਹਲਾਤਾਂ ਤੇ ਗੰਭੀਰ ਚਿੰਤਾਂ ਪ੍ਰਗਟ ਕੀਤੀ ਹੈ। ਉਨਾਂ ਦੱਸਿਆ ਕਿ ਇਨੀਂ ਦਿਨੀਂ ਪੰਜਾਬ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਾਰੇ ਆਪਣੇ ਆਪਣੇ ਪੱਧਰ ਤੇ ਯੋਗਦਾਨ ਦੇ ਰਹੇ ਹਨ ਜੋ ਕਿ ਕਾਫ਼ੀ ਨਾ ਹੋ ਕੇ ਵੀ ਕਾਬਿਲੇ ਤਾਰੀਫ਼ ਨੇ। ਡਾ. ਹਰਜੋਤ ਕਮਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਵੱਡੇ ਪੱਧਰ ਤੇ ਜੱਦੋ ਜ਼ਹਿਦ ਕਰ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਮੂਹ ਮੰਤਰੀ ਸਾਹਿਬਾਨਾਂ ਅਤੇ ਸਮੂਹ ਐਮ.ਐਲ.ਏਜ਼ ਨੇ ਸਰਬਸੰਮਤੀ ਨਾਲ ਇਨਾਂ ਹਲਾਤਾਂ ਤੇ ਕਾਬੂ ਪਾਉਣ ਲਈ ਅਤੇ ਆਪਣੇ ਘਰਾਂ ਵਿੱਚੋਂ ਕੁਦਰਤੀ ਆਫ਼ਤ ਕਾਰਨ ਬੇਘਰ ਹੋਏ ਲੋਕਾਂ ਦਾ ਸਹਾਰਾ ਬਣਨ ਲਈ ਪੰਜਾਬ ਫਲੱਡ ਰੀਲੀਫ਼ ਫੰਡ ਵਿੱਚ ਆਪਣੀਆਂ ਤਨਖਾਹਾਂ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਜਾ ਸਕੇਗੀ। ਡਾ. ਹਰਜੋਤ ਕਮਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਹਿਨੁਮਾਈ ਹੇਠ ਸਰਕਾਰ ਹੜਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਬਚਾਅ ਕਾਰਜਾਂ ਵਿੱਚ ਲਗਾਤਾਰ ਲੱਗੀ ਹੋਈ ਹੈ ਅਤੇ ਕੁਦਰਤੀ ਆਫ਼ਤਾ ਦਾ ਸ਼ਿਕਾਰ ਹੋਏ ਲੋਕਾਂ ਤੱਕ ਪਹੁੰਚ ਕਰਕੇ ਉਨਾਂ ਦੇ ਰਹਿਣ, ਖਾਣ-ਪੀਣ, ਡਾਕਟਰੀ ਸਹਾਇਤਾ ਆਦਿ ਦਾ ਪ੍ਰਬੰਧ ਵੀ ਕਰਵਾਇਆ ਗਿਆ ਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਜਿੱਥੇ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਖੁਦ ਮੁਆਇਨਾ ਕਰਕੇ ਲੋਕਾਂ ਦੀ ਮਦਦ ਕਰ ਰਹੇ ਹਨ, ਉਥੇ ਉਨਾਂ ਚਾਰ ਮੰਤਰੀ ਸਾਹਿਬਾਨ ਨੂੰ ਖਾਸ ਤੌਰ ਤੇ ਹੜ੍ਹ ਪੀੜਤ ਇਲਾਕਿਆਂ ‘ਚ ਤੈਨਾਤ ਕਰ ਦਿੱਤਾ ਹੈ।