ਮੋਦੀ ਸਰਕਾਰ ਦੇ ‘ਸੰਕਟਮੋਚਕ’ ਸਾਬਕਾ ਰੱਖਿਆ ਮੰਤਰੀ ਅਰੁਨ ਜੇਟਲੀ ਨਹੀਂ ਰਹੇ

ਨਵੀਂ ਦਿੱਲੀ ,24 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਭਾਰਤੀ ਜਨਤਾ ਪਾਰਟੀ ਦੇ ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਰੁਨ ਜੇਟਲੀ ਦਾ ਅੱਜ ਦੇਹਾਂਤ ਹੋ ਗਿਆ।  66 ਸਾਲਾ ਜੇਟਲੀ ਨੂੰ ਰੱਖਿਆ ਪ੍ਰਣਾਲੀ ’ਤੇ ਰੱਖਿਆ ਗਿਆ ਸੀ ਤੇ ਅੱਜ ਉਹਨਾਂ ਏਮਜ਼ ਵਿਚ ਆਖਰੀ ਸਾਹ ਲਿਆ । ਉਹ ਆਪਣੇ ਪਿੱਛੇ ਪਤਨੀ ,ਇਕ ਪੁੱਤਰ ਅਤੇ ਇਕ ਪੁੱਤਰੀ ਛੱਡ ਗਏ। ਏਮਜ਼ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਰਾਜਸਭਾ ਮੈਂਬਰ ਸ਼੍ਰੀ ਜੇਤਲੀ ਨੇ 12 ਵਜ ਕੇ 7 ਮਿੰਟ ’ਤੇ ਆਖਰੀ ਸਾਹ ਲਿਆ । ਸ਼੍ਰੀ ਜੇਤਲੀ ਨੂੰ ਬੇਚੈਨੀ ਅਤੇ ਸਾਹ ਲੈਣ ਦੀ ਤਕਲੀਫ਼ ਕਾਰਨ 9 ਅਗਸਤ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ । ਕੱਲ ਸਵੇਰ 11 ਵਜੇ   ਉਹਨਾਂ ਦੀ ਮਿ੍ਰਤਕ ਦੇਹ ਨੂੰ ਭਾਜਪਾ ਦੇ ਮੁੱਖ ਦਫਤਰ ‘ਚ ਰੱਖਿਆ ਜਾਵੇਗਾ ਤਾਂ ਕਿ ਪਾਰਟੀ ਕਾਰਕੁੰਨ ਅਤੇ ਉਹਨਾਂ ਦੇ ਸਨੇਹੀ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ।  ਇਸ ਉਪਰੰਤ ਉਹਨਾਂ ਦਾ ਅੰਤਿਮ ਸੰਸਕਾਰ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਹਨਾਂ ਦੀ ਬੇਵਕਤੀ ਮੌਤ ਕਾਰਨ ਭਾਜਪਾ ਮੁੱਖ ਦਫਤਰ ’ਤੇ ਲੱਗਿਆ ਪਾਰਟੀ ਦਾ ਝੰਡਾ ਅੱਧਾ ਝੁਕਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੇਸ਼ੇ ਤੋਂ ਵਕੀਲ ਅਰੁਨ ਜੇਤਲੀ ਨੇ ਆਪਣੀ ਨਾਸਾਜ਼ ਸਿਹਤ ਦੇ ਚੱਲਦਿਆਂ 2019 ਦੀਆਂ ਲੋਕਸਭਾ ਚੋਣਾਂ ਲੜਨ ਤੋਂ ਨਿਕਾਰ ਕਰ ਦਿੱਤਾ ਸੀ । 28 ਦਸੰਬਰ 1952 ਵਿਚ ਜਨਮੇਂ ਅਰੁਨ ਜੇਟਲੀ ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਵਿੱਤ ਮੰਤਰੀ ,ਰੱਖਿਆ ਮੰਤਰੀ, ਵਣਜ ਤੇ ਵਪਾਰ ਮੰਤਰੀ ਤੋਂ ਇਲਾਵਾ ਕਾਨੂੰਨ ਤੇ ਨਿਆਂ ਮੰਤਰੀ ਵੀ ਰਹੇ । ਜੇਟਲੀ ਨੇ 2009 ਤੋਂ 2014 ਤੱਕ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾਈ  ।