ਸਹੁਰੇ ਪਰਿਵਾਰ ਦੇ ਸਤਾਏ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਹਾਲੇ ਚਾਰ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ,ਪੁਲਿਸ ਨੇ ਸਹੁਰਾ ਪਰਿਵਾਰ ’ਤੇ ਮਾਮਲਾ ਕੀਤਾ ਦਰਜ

ਨਿਹਾਲ ਸਿੰਘ ਵਾਲਾ,20 ਅਗਸਤ (ਲਛਮਣਜੀਤ ਸਿੰਘ ਪੁਰਬਾ/ਜਸ਼ਨ) : ਮੋਗਾ ਜ਼ਿਲੇ ਦੇ ਪਿੰਡ ਕੁੱਸਾ ਦੇ ਇਕ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਨੌਜਵਾਨ ਹਰਦੀਪ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪੁੱਤਰ ਦਾ ਵਿਆਹ ਚਾਰ ਸਾਲ ਪਹਿਲਾਂ ਰਾਏਕੋਟ ਦੇ ਪਿੰਡ ਨਿਹਾਲੂਵਾਲ ਵਿਖੇ ਸੁਖਪ੍ਰੀਤ ਕੌਰ ਨਾਲ ਹੋਇਆ ਸੀ ਪਰ ਪਿਛਲੇ ਦੋ ਤਿਨ ਸਾਲਾਂ ਤੋਂ ਦੋਹਾਂ ਦਰਮਿਆਨ ਲੜਾਈ ਝਗੜਾ ਰਹਿਣ ਲੱਗ ਪਿਆ ।
ਉਹਨਾਂ ਦੱਸਿਆ ਕਿ ਉਹਨਾਂ ਦੀ ਨੂੰਹ ਸੁਖਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਪਹਿਲਾਂ ਚੰਡੀਗੜ ਵਿਖੇ ਨੌਕਰੀ ਕਰਦੀ ਸੀ ਜਿੱਥੇ ਉਹਨਾਂ ਦਾ ਪੁੱਤਰ ਹਰਦੀਪ ਸਿੰਘ ਵਧੀਆ ਰਹਿ ਰਹੇ ਸਨ ਪਰ ਬਾਅਦ ਵਿਚ ਉਹਨਾਂ ਦੀ ਨੂੰਹ ਲੁਧਿਆਣਾ ਵਿਖੇ ਆ ਕੇ ਨੌਕਰੀ ਕਰਨ ਲੱਗ ਪਈ । ਮਿ੍ਰਤਕ ਦੇ ਪਿਤਾ ਨੇ ਦੱਸਿਆ ਕਿ ਲੁਧਿਆਣੇ ਆ ਕੇ ਉਹਨਾਂ ਦੋਹਾਂ ਵਿਚਕਾਰ ਮਨਮੁਟਾਵ ਰਹਿਣ ਲੱਗ ਪਿਆ । ਇਸ ਮਨਮੁਟਾਓ ਦਾ ਕਾਰਨ ਉਹਨਾਂ ਦੀ ਨੂੰਹ ਦੇ ਸੁਨੀਲ ਨਾਮ ਦੇ ਮੁੰਡੇ ਨਾਲ ਸੰਪਰਕ ਵਿਚ ਆਉਣਾ ਸੀ ਜਿਸ ਕਰਕੇ ਦੋਹਾਂ ਵਿਚਕਾਰ ਝਗੜਾ ਹੋਣ ਲੱਗ ਪਿਆ ਤੇ ਮਾਮਲਾ ਪੰਚਾਇਤੀ ਤੇ ਫਿਰ ਕੋਰਟ ਕਚਿਹਰੀਆਂ ਤੱਕ ਜਾ ਪਹੁੰਚਿਆ । ਉਸ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਪੁੱਤਰ ਹਰਦੀਪ ਨੇ ਪਰਿਵਾਰ ਵਾਲਿਆਂ ਤੋਂ ਇਸ ਗੱਲ ਦਾ ਲੁਕੋ ਰੱਖਿਆ ਕਿ ਉਹਨਾਂ ਦੋਹਾਂ ਦੀ ਲੜਾਈ ਝਗੜੇ ਦਾ ਕਾਰਨ ਉਸ ਦੀ ਪਤਨੀ ਦੇ ਨਜਾਇਜ਼ ਸਬੰਧ ਹਨ । ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਹਨਾਂ ਦੀ ਨੂੰਹ ਸੁਖਪ੍ਰੀਤ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਨੇ ਸਾਰਾ ਸਾਮਾਨ ਵੀ ਚੁੱਕ ਲਿਆ ਸੀ ਤੇ ਕਰੀਬ 16 ਲੱਖ ਰੁਪਏ ਵੀ ਉਹਨਾਂ ਤੋਂ ਲੈ ਲਏ ਸਨ ਤੇ ਹਾਲੇ ਵੀ ਉਹਨਾਂ ਦੀ ਨੂੰਹ ਉਸ ਦੇ ਪੁੱਤਰ ਹਰਦੀਪ ਤੋਂ 30 ਲੱਖ ਰੁਪਏ ਲੈਣ ਦੀ ਮੰਗ ’ਤੇ ਅੜੀ ਹੋਈ ਸੀ ਜਿਸ ਦੇ ਚੱਲਦਿਆਂ ਉਹਨਾਂ ਦੇ ਪੁੱਤਰ ਹਰਦੀਪ ਸਿੰਘ ਨੇ ਪਰੇਸ਼ਾਨੀ ਕਾਰਨ ਆਤਮ ਹੱਤਿਆ ਕਰ ਲਈ । ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਾਇਬ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਹੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੁੱਸਾ ਨੇ ਬੀਤੀ ਰਾਤ ਆਪਣੇ ਘਰ ‘ਚ ਹੀ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ । ਉਹਨਾਂ ਦੱਸਿਆ ਕਿ ਮਿ੍ਰਤਕ ਨੌਜਵਾਨ ਤੇ ਉਸ ਦੀ ਪਤਨੀ ਸੁਖਪ੍ਰੀਤ ਕੌਰ ਲੁਧਿਆਣਾ ਵਿਖੇ ਵੱਖ-ਵੱਖ ਨਿੱਜੀ ਹਸਪਤਾਲਾਂ ‘ਚ ਨੌਕਰੀ ਕਰਦੇ ਸਨ ਜਿਸ ਦੌਰਾਨ ਇਨਾਂ ਪਤੀ-ਪਤਨੀ ਦੀ ਕਿਸੇ ਗੱਲੋਂ ਆਪਸ ਵਿਚ ਤਕਰਾਰ ਹੋ ਗਿਆ ਤੇ ਹਰਦੀਪ ਸਿੰਘ ਦੀ ਪਤਨੀ ਨੂੰ ਉਸ ਦਾ ਪੇਕਾ ਪਰਿਵਾਰ ਆਪਣੇ ਪਿੰਡ ਨਿਹਾਲੂ ਵਾਲ ਵਿਖੇ ਲੈ ਆਇਆ। ਸਹੁਰਾ ਪਰਿਵਾਰ ਵਲੋਂ ਬਾਅਦ ‘ਚ ਹਰਦੀਪ ਸਿੰਘ ਦੇ ਖਿਲਾਫ ਬਰਨਾਲਾ ਅਦਾਲਤ ‘ਚ ਕੇਸ ਕਰ ਦਿੱਤਾ । ਬਰਨਾਲਾ ਵਿਖੇ ਹਰਦੀਪ ਸਿੰਘ ਦੀ ਆਪਣੇ ਸਹੁਰੇ ਸੁਖਵਿੰਦਰ ਸਿੰਘ ਨਾਲ ਕਿਸੇ ਗੱਲੋਂ ਗਾਲੀ-ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਹਰਦੀਪ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਜਿਸ ‘ਤੇ ਚੱਲਦਿਆਂ ਉਸ ਨੇ ਬੀਤੀ ਰਾਤ ਘਰ ‘ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਤੇ ਸਹਾਇਕ ਥਾਣੇਦਾਰ ਨਾਇਬ ਸਿੰਘ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਵਾਸੀ ਕੁੱਸਾ (ਮੋਗਾ) ਦੇ ਬਿਆਨਾਂ ਦੇ ਅਧਾਰ ਤੇ ਮਿ੍ਰਤਕ ਨੌਜਵਾਨ ਹਰਦੀਪ ਸਿੰਘ ਦੇ ਸਹੁਰਾ ਸੁਖਵਿੰਦਰ ਸਿੰਘ ਵਾਸੀ ਨਿਹਾਲੂ ਵਾਲਾ ਜ਼ਿਲਾ ਬਰਨਾਲਾ ਤੇ ਉਸ ਦੇ ਰਿਸ਼ਤੇਦਾਰ ਅਜਮੇਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਸਹਿਬਾਜਪੁਰਾ ਜ਼ਿਲਾ ਲੁਧਿਆਣਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਮਾਮਲੇ ‘ਚ ਨਾਮਜ਼ਦ ਵਿਅਕਤੀਆਂ ਦੀ ਗਿ੍ਰਫਤਾਰੀ ਅਜੇ ਬਾਕੀ ਹੈ ।


