ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਹੋਰ ਵੱਧਣ ਕਾਰਨ ਪ੍ਰਸ਼ਾਸਨ ਦੀ ਮਦਦ ਨਾਲ ਲੋਕ ਬਾਹਰ ਆਉਣੇ ਹੋਏ ਸ਼ੁਰੂ ,ਫਸਲਾਂ ਪੂਰੀ ਤਰਾਂ ਬਰਬਾਦ ,ਲੋਕ ਘਰਾਂ ਨੂੰ ਛੱਡ ਬੰਨ ’ਤੇ ਪਹੁੰਚੇ

ਮੋਗਾ/ਧਰਮਕੋਟ,19 ਅਗਸਤ (ਜਸ਼ਨ): ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਹੋਰ ਵੱਧਣ ਕਾਰਨ ਮੋਗਾ ਜ਼ਿਲੇ ਦੇ ਕਸਬੇ ਧਰਮਕੋਟ ‘ਚ ਦਰਿਆ ਦੇ ਕੰਢੇ ਵੱਸਦੇ 22 ਪਿੰਡ ਪਾਣੀ ਦੀ ਲਪੇਟ ‘ਚ ਆ ਗਏ ਨੇ ਅਤੇ ਹਜ਼ਾਰਾਂ ਏਕੜ ਫਸਲ ਪਾਣੀ ‘ਚ ਡੁੱਬ ਚੁੱਕੀ ਹੈ । ਪਿੰਡ ਸੰਘੇੜਾ ,ਕੌਡੀਵਾਲਾ ਅਤੇ ਭੈਣੀ ਆਦਿ ‘ਚ ਪਾਣੀ ਆਉਣ ਨਾਲ  ਪਿੰਡ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਦੇ ਹਾਲਾਤ ਇਹ ਹਨ ਕਿ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਕਿਸ਼ਤੀਆਂ ਰਾਹੀਂ ਇਹ ਲੋਕ ਪਿੰਡ ਤੋਂ ਬਾਹਰ ਤਾਂ ਆ ਗਏ ਹਨ ਪਰ ਉਹਨਾਂ ਦਾ ਘਰੇਲੂ ਸਮਾਨ ਅਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਵਿਚ ਪਏ ਖਾਧ ਪਦਾਰਥ ਪੂਰੀ ਤਰਾਂ ਨੁਕਸਾਨੇ ਗਏ ਹਨ । ਇਸ ਸਬੰਧੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦਰਿਆ ਦਾ ਪਾਣੀ ਘਰਾਂ ਵਿਚ ਆਉਣ ਨਾਲ ਬੇਘਰੇ ਹੋਏ ਪਰਿਵਾਰਾਂ ਨੂੰ ਪੂਰੀ ਤਰਾਂ ਸੁਰੱਖਿਅਤ ਕਰਨ ਲਈ ਪਿੰਡ ਕਿਸ਼ਨਪੁਰਾ,ਧਰਮਕੋਟ ,ਖੰਬੇ ਅਤੇ ਫਤਿਹਗੜ ਪੰਜਤੂਰ ‘ਚ ਚਾਰ ਬੇਸ ਕੈਂਪ ਬਣਾ ਕੇ ਉਹਨਾਂ ਦੀ ਰਿਹਾਇਸ਼ ਅਤੇ ਲੰਗਰ ਤੱਕ ਦਾ ਪ੍ਰਬੰਧ ਕੀਤਾ ਗਿਆ ਹੈ ,ਪਰ ਕੁਝ ਪਰਿਵਾਰ ਬੇਸ ਕੈਂਪਾਂ ‘ਚ ਜਾਣ ਦੀ ਬਜਾਏ ਬੰਨ ’ਤੇ ਆ ਗਏ ਹਨ ਤੇ ਉਹ ਪਾਣੀ ਘੱਟਣ ਦਾ ਇਤਜ਼ਾਰ ਕਰ ਰਹੇ ਹਨ ਤਾਂ ਕਿ ਉਹ ਘਰ ਵਾਪਸ ਜਾ ਸਕਣ। ਅਧਿਕਾਰੀਆਂ ਨੇ ਆਖਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਲੰਗਰ ਦੀ ਸਹੂਲਤ ਦੇਣ ਤੋਂ ਇਲਾਵਾ ਤਰਪਾਲਾਂ ਵੀ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ,ਐੱਸ ਡੀ ਐੱਮ ਧਰਮਕੋਟ ਡਾ ਨਰਿੰਦਰ ਸਿੰਘ ਧਾਲੀਵਾਲ,ਤਹਿਸੀਲਦਾਰ ਪਵਨ ਕੁਮਾਰ ਅਤੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਮੌਕੇ ’ਤੇ ਹਾਜ਼ਰ ਹੋ ਕੇ ਸਥਿਤੀ ’ਤੇ ਪੈਨੀ ਨਜ਼ਰ ਰੱਖ ਰਹੇ ਹਨ ।