ਹੜ ਪ੍ਰਭਾਵਿਤ ਪਿੰਡਾਂ ਵਿੱਚ ਤਾਇਨਾਤ ਐਨ.ਡੀਆਰਐਫ ਦੀਆਂ ਟੀਮਾਂ ਕਿਸੇ ਵੀ ਐਮਰਜੈਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਡਿਪਟੀ ਕਮਿਸ਼ਨਰ, ਹੈਲਪ-ਲਾਈਨ ਨੰਬਰ 01682-220103 ਜਾਰੀ

ਮੋਗਾ 19 ਅਗਸਤ:  (ਜਸ਼ਨ):  ਰੋਪੜ ਦੇ ਹੈਡਵਰਕ ਤੋ 2.4 ਲੱਖ ਕਿਊਸਕ ਪਾਣੀ ਛੱਡਣ ਤੋ ਬਾਅਦ ਧਰਮਕੋਟ ਵਿੱਚ ਪੈਦੇ ਸਤਲੁਂਜ ਦਰਿਆ ਵਿਖੇ ਪਾਣੀ ਖਤਰੇ ਦਾ ਪੱਧਰ 724 ਫੁੱਟ ਤੇ ਪਹੁੰਚਣ ਕਾਰਣ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਧਰਮਕੋਟ ਦੇ ਨੀਵੇ ਪਿੰਡਾਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ।  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਜੋ ਕਿ ਧਰਮਕੋਟ ਦੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨਾਲ ਧਰਮਕੋਟ ਦੇ ਪਿੰਡ ਸੰਘੇੜਾ ਵਿੱਚ ਪਾਣੀ ਦੇ ਪੱਧਰ ਦਾ ਨਿਰੀਖਣ ਕਰ ਰਹੇ ਸਨ, ਨੇ ਕਿਹਾ ਕਿ ਕਿਸੇ ਵੀ ਤਰਾਂ ਦੀ ਐਮਰਜੈਸੀ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਰੈਸਿਕਿਊ ਆਪ੍ਰੇਸ਼ਨ ਲਈ ਐਨ.ਡੀਆਰਐਫ ਦੀਆਂ ਟੀਮਾਂ ਹੜ ਪ੍ਰਭਾਵਿਤ ਪਿੰਡਾਂ ਵਿੱਚ ਤਾਇਨਾਤ ਹਨ।ਉਨਾਂ ਦੱਸਿਆ ਕਿ  ਧਰਮਕੋਟ, ਕਿਸ਼ਨਪੁਰਾ ਕਲਾਂ, ਖੰਬਾ ਅਤੇ ਫਤਿਹਗੜ ਪੰਜਤੂਰ ਸਮੇਤ ਚਾਰ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ, ਅਤੇ ਜ਼ਿਲਾ ਪ੍ਰਸ਼ਾਸਨ ਨੇ ਪਿੰਡ ਰੇਹੜਵਾ ਵਿਖੇ ਇਕ ਐਮਰਜੈਂਸੀ ਕੇਂਦਰ ਵੀ ਸਥਾਪਤ ਕੀਤਾ ਹੈ, ਜਿਥੇ ਖਾਣ-ਪੀਣ ਅਤੇ ਰਹਿਣ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਉਕਤ ਲੋਕਾਂ ਦੇ ਇਲਾਜ ਲਈ ਸਾਰੇ ਕੇਂਦਰਾਂ ‘ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਮੋਗਾ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਦੇ ਸਟਾਫ ਨੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਪਿੰਡ ਸੰਘੇੜਾ ਨੇੜੇ ਬੱਕਰੀਆਂ ਨਾਲ ਤੈਰਦੇ ਇੱਕ ਆਦਮੀ ਅਤੇ ਇੱਕ ਔਰਤ ਨੂੰ ਬਚਾਇਆ ਹੈ ਜਦਕਿ ਇੱਕ ਹੋਰ ਵਿਅਕਤੀ ਨੂੰ ਕਮਾਲਕੇ ਪਿੰਡ ਵਿੱਚ ਬਚਾਇਆ ਗਿਆ ਹੈ।. ਜਾਣਕਾਰੀ ਅਨੁਸਾਰ ਧਰਮਕੋਟ ਸਬ-ਡਵੀਜ਼ਨ ਵਿਚ ਲਗਭਗ 28 ਪਿੰਡ ਪੈਦੇ ਹਨ ਜਿੰਨਾਂ ਵਿੱਚ ਸੰਘੇੜਾ ਅਤੇ ਕੰਬੋ ਖੁਰਦ ਦੋ ਸਭ ਤੋਂ ਵੱਧ ਹੜ ਪ੍ਰਭਾਵਤ ਪਿੰਡ ਹਨ ਅਤੇ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸ਼ਤੀਆਂ ਜ਼ਰੀਏ ਇਨਾਂ ਪਿੰਡਾਂ ਤੋਂ ਬਾਹਰ ਕੱਢ ਕੇ ਰਾਹਤ ਸੈਟਰਾਂ ਵਿੱਚ ਪਹੁੰਚਾਇਆ ਹੈ।ਉਨਾਂ ਦੱਸਿਆ ਕਿ ਪਿੰਡ ਸ਼ੇਰਪੁਰ ਵਿਖੇ ਪਾਣੀ ਦਾ ਪੱਧਰ ਖਤਰੇ ਦੇ ਪੱਧਰ ਤੋ ਉੱਪਰ ਆ ਗਿਆ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਇਸ ਨੂੰ ਰੋਕ ਕੇ ਪਾਣੀ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਧੂਸੀ ਬੰਦ ਨੂੰ ਵੀ ਮਜ਼ਬੂਤ ਕੀਤਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਹੜ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ  01682-220103 ਵੀ ਸ਼ੁਰੂ ਕੀਤੀ ਹੈ ਤਾਂ ਕਿ ਉਹ ਕਿਸੇ ਵੀ ਕਿਸਮ ਦੀ ਮਦਦ ਲਈ ਉਨਾਂ ਨਾਲ ਸੰਪਰਕ ਕਰ ਸਕਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬੱਤਰਾ, ਉਪ ਮੰਡਲ ਮੈਜਿਸਟ੍ਰੇਟ ਧਰਕੋਟ ਨਰਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੋਗਾ ਗੁਰਵਿੰਦਰ ਸਿੰਘ ਜੌਹਲ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਡਾ: ਅਰਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ