ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ‘ਚ ਨਵੇਂ ਜਿੰਮ ਦਾ ਉਦਘਾਟਨ ਕਰਦਿਆਂ ਆਖਿਆ ‘‘ਮਹਿਲਾਵਾਂ ਕਿਸੇ ਪੱਖੋਂ ਵੀ ਮਰਦਾਂ ਨਾਲੋਂ ਘੱਟ ਨਹੀਂ,ਸਮਾਜ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲੈ ਜਾਣ ਉਹਨਾਂ ਨੂੰ ਸਰੀਰਕ ਤੌਰ ’ਤੇ ਹੋਣਾ ਪਵੇਗਾ ਪੂਰੀ ਤਰਾਂ ਫ਼ਿਟ’’

ਲੁਧਿਆਣਾ, 19 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਭਾਈ ਰਣਧੀਰ ਸਿੰਘ ਨਗਰ ਵਿੱਖੇ ਨਵੇਂ ਜਿੰਮ ਦਾ ਉਦਘਾਟਨ ਕੀਤਾ ਅਤੇ ਜਿੰਮ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਮਹਿਲਾਵਾਂ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਤਾਕੀਦ ਕੀਤੀ। ਭਾਈ ਰਣਧੀਰ ਸਿੰਘ ਨਗਰ ਸਥਿਤ ਓਰਿਐਂਟ ਸਿਨੇਮਾ ਕੋਲ ਮੈਡਮ ਸੀਰਤ ਵਲੋਂ ਸਿਰਫ ਮਹਿਲਾਵਾਂ ਲਈ ਨਵੇਂ ਖੋਲੇ ਗਏ ਐਫ2ਜੋਨ ਜਿੰਮ ਦਾ ਉਦਘਾਟਨ ਕਰਦਿਆਂ ਵਿਧਾਇਕ ਬੈਂਸ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮਹਿਲਾਵਾਂ ਆਪਣੇ ਘਰਾਂ ਤੋਂ ਬਾਹਰ ਨਿਕਲੀਆਂ ਹਨ ਅਤੇ ਹਰ ਖੇਤਰ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਜਿੱਥੇ ਸਮਾਜ ਨੂੰ ਤੱਰਕੀ ਵੱਲ ਲਿਜਾ ਰਹੀਆਂ ਹਨ ਉੱਥੇ ਆਪਣੇ ਪਰਿਵਾਰ ਦਾ ਵੀ ਵਿਸ਼ੇਸ਼ ਸਹਿਯੋਗ ਕਰ ਰਹੀਆਂ ਹਨ। ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਮਹਿਲਾਵਾਂ ਨੂੰ ਆਪਣੀ ਸਿਹਤ ਦਾ ਵੀ ਵਿਸ਼ੇਸ਼ ਖਿਆਲ ਰੱਖਣਾ ਪੈਂਦਾ ਹੈ, ਜਿਸ ਲਈ ਅਨੇਕਾਂ ਮਹਿਲਾਵਾਂ ਅੱਜ ਜਿੰਮ ਵਿੱਚ ਜਾ ਕੇ ਕਸਰਤ, ਯੋਗਾ ਆਦਿ ਨਾਲ ਆਪਣੇ ਸ਼ਰੀਰ ਨੂੰ ਰਿਸ਼ਟ ਪੁਸ਼ਟ ਰੱਖਦੀਆਂ ਹਨ। ਉਨਾਂ ਨਵੇਂ ਖੋਲੇ ਗਏ ਐਫ 2 ਜ਼ੋਨ ਜਿੰਮ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਵੇਂ ਖੋਲੇ ਗਏ ਜਿੰਮ ਤੋਂ ਇਲਾਕੇ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਕਾਫੀ ਕੁਝ ਨਵਾਂ ਦੇਖਣ ਨੂੰ ਮਿਲੇਗਾ ਅਤੇ ਉਹਨਾਂ ਨੂੰ ਇੱਕ ਨਵੀਂ ਸੇਧ ਮਿਲੇਗੀ। ਇਸ ਦੌਰਾਨ ਇਲਾਕੇ ਦੇ ਲੋਕਾਂ ਸਮੇਤ ਮੋਨੂੰ ਵਰਮਾ, ਸਰਬਜੀਤ ਸਿੰਘ, ਮਨਜੀਤ ਸਿੰਘ, ਮੈਡਮ ਜੈਨੀ, ਮਨਦੀਪ ਕੌਰ ਤੇ ਹੋਰ ਵੀ ਸ਼ਾਮਲ ਸਨ।