ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੀਪ ਨਗਰ ਇਲਾਕੇ ਦੇ ਨੌਜਵਾਨਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਈ ਸਫਾਈ

ਲੁਧਿਆਣਾ, 19 ਅਗਸਤ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਫਾਈ ਅਭਿਆਨ ਤਹਿਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਗਿੱਲ ਰੋਡ ਨੇੜੇ ਬਾਜੀਗਰ ਮੁਹੱਲਾ ਅਤੇ ਦੀਪ ਨਗਰ ਵਿੱਖੇ ਪੁੱਜੇ, ਜਿੱਥੇ ਪਈ ਗੰਦਗੀ ਨੂੰ ਦੇਖਦੇ ਹੋਏ ਵਿਧਾਇਕ ਬੈਂਸ ਨੇ ਇਲਾਕੇ ਦੇ ਨੌਜਵਾਨਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇਲਾਕੇ ਦੀ ਸਫਾਈ ਕਰਵਾਈ ਅਤੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ।  ਇਸ ਦੌਰਾਨ ਸਮੂਹ ਨੌਜਵਾਨਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਸ ਪਾਸ ਅਤੇ ਖਾਸ ਕਰਕੇ ਜਿਸ ਇਲਾਕੇ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਨਾਲ ਜਿੱਥੇ ਵਾਤਾਵਰਨ ਵੀ ਸਾਫ ਸੁਥਰਾ ਰਹਿ ਸਕਦਾ ਹੈ ਉੱਥੇ ਇਲਾਕਾ ਵਾਸੀਆਂ ਨੂੰ ਬਿਮਾਰੀਆਂ ਤੋਂ ਵੀ ਨਿਜਾਤ ਮਿਲਦੀ ਹੈ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਤਾਂ ਇਲਾਕੇ ਦੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ  ਸਮੂਹ ਨੌਜਵਾਨਾਂ ਸਮੇਤ ਵਾਰਡ 49 ਦੇ ਪ੍ਰਧਾਨ ਰਿੰਕੂ ਲਾਲਕਾ, ਇਲਾਕੇ ਦੇ ਪ੍ਰਧਾਨ ਸੱਤਪਾਲ ਕੁਮਾਰ ਰਿੰਕੂ ਅਤੇ ਹੋਰਨਾਂ ਨੇ ਵਿਧਾਇਕ ਬੈਂਸ ਦਾ ਵਿਸ਼ੇਸ਼ ਸਹਿਯੋਗ ਕਰਦੇ ਹੋਏ ਸਫਾਈ ਅਭਿਆਨ ਵਿੱਚ ਹਿੱਸਾ ਲਿਆ ਅਤੇ ਸਾਰੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਕੀਤੀ । ਇਸ ਮੌਕੇ ਤੇ ਵਿਧਾਇਕ ਬੈਂਸ ਨੇ ਸਮੂਹ ਨੌਜਵਾਨਾਂ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਵਿਧਾਇਕ ਬੈਂਸ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਸਫਾਈ ਅਭਿਆਨ ਚਲਾਏ ਜਾਣਗੇ ਤਾਂ ਜੋ ਲੁਧਿਆਣਾ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਇਆ ਜਾ ਸਕੇ। ਇਸ ਮੌਕੇ ਤੇ ਕੁੰਦਨ ਲਾਲ, ਰਵੀ ਕੁਮਾਰ, ਬਲਦੇਵ ਰਾਜ, ਪ੍ਰਕਾਸ਼ ਚੰਦ, ਰਾਜੂ, ਮਲਕੀਤ ਰਾਮ, ਸੁਰਜੀਤ ਸਿੰਘ ਤੇ ਹੋਰ ਵੀ ਸ਼ਾਮਲ ਸਨ।