4 ਮਹਿਲਾ ਸਬ ਇੰਸਪੈਕਟਰ ਮੁਅੱਤਲ,ਡਿਊਟੀ ‘ਚ ਕੁਤਾਹੀ ਦੇ ਦੋਸ਼ ਹੇਠ ਚਾਰੇ ਸਬ ਇੰਸਪੈਕਟਰਾਂ ਨੂੰ ਕੀਤਾ ਲਾਈਨ ਹਾਜ਼ਰ

ਫਤਹਿਗੜ੍ਹ ਸਾਹਿਬ,18 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਡਿਊਟੀ ‘ਚ ਕੁਤਾਹੀ ਦੇ ਦੋਸ਼ ਹੇਠ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ, ਥਾਣਾ ਫਤਹਿਗੜ੍ਹ ਸਾਹਿਬ, ਸਬ ਇੰਸਪੈਕਟਰ ਅਮਨਪ੍ਰੀਤ ਕੌਰ ਬਰਾੜ, ਥਾਣਾ ਖਮਾਣੋਂ, ਸਬ ਇੰਸਪੈਕਟਰ ਅਮਰਪਾਲ ਕੌਰ, ਥਾਣਾ ਮੰਡੀ ਗੋਬਿੰਦਗੜ੍ਹ ਅਤੇ ਮਹਿਲਾ ਸਬ ਇੰਸਪੈਕਟਰ ਸੁਕੰਤ ਚੌਧਰੀ, ਥਾਣਾ ਬਸੀ ਪਠਾਣਾਂ ਨੂੰ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਕੇ ਲਾਈਨ ਹਾਜ਼ਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਸਬੰਧੀ ਵਿਭਾਗੀ ਪੜਤਾਲ ਐਸ.ਪੀ. (ਹੈਡਕੁਆਟਰ) ਸ. ਨਵਨੀਤ ਸਿੰਘ ਨੂੰ ਸੌਂਪ ਕੇ ਇਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਬਾਰੇ ਵਿਸਤਰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਸਬ ਇੰਸਪੈਕਟਰਾਂ ਦੀ ਡਿਊਟੀ ਇਨ੍ਹਾਂ ਦੀਆਂ ਸਬ ਡਿਵੀਜ਼ਨਾਂ ਵਿੱਚ ਬੱਚਿਆਂ ਤੇ ਮਹਿਲਾਵਾਂ ਖਿਲਾਫ ਜ਼ੁਰਮਾਂ ਸਬੰਧੀ ਲਗਾਈ ਹੋਈ ਸੀ। ਅੱਜ ਇਕ ਮਹਿਲਾ ਸਬੰਧੀ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਕਾਰਵਾਈ ਕੀਤੀ ਜਾਣੀ ਸੀ। ਜਦੋਂ ਇਕ ਇਕ ਕਰ ਕੇ ਇਨ੍ਹਾਂ ਚਾਰਾਂ ਸਬ ਇੰਸਪੈਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਚਾਰੇ ਆਪਣੀ ਡਿਊਟੀ  ’ਤੇ ਹਾਜ਼ਰ ਨਹੀਂ ਸਨ ਤੇ ਬਿਨਾਂ ਕਿਸੇ ਛੁੱਟੀ ਜਾਂ ਪ੍ਰਵਾਨਗੀ ਤੋਂ ਸਟੇਸ਼ਨ ਛੱਡ ਕੇ ਬਾਹਰ ਗਈਆਂ ਹੋਈਆਂ ਸਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਸੰਭਾਵੀ ਹੜ੍ਹਾਂ ਦੇ ਖਤਰੇ ਅਤੇ ਜੰਮੂ ਕਸਮੀਰ ਦੇ ਹਾਲਾਤ ਦੇ ਮੱਦੇਨਜਰ ਸਾਰੇ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਬਿਨਾਂ ਇਜਾਜਤ ਸਟੇਸਨ ਨਾ ਛੱਡਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਇਨ੍ਹਾਂ ਵੱਲੋਂ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਡਿਊਟੀ ਸਬੰਧੀ ਕਿਸੇ ਕਿਸਮ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਦੂਜੇ ਪਾਸੇ ਵਿਮੈਨ ਸੈੱਲ ਦੀ ਇੰਚਾਰਜ ਸਬ ਇੰਸਪੈਕਟਰ ਗੁਰਦੀਪ ਕੌਰ ਨੇ ਫੌਰੀ ਰਿਪੋਰਟ ਕਰ ਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ, ਜਿਸ ਲਈ ਉਸ ਦਾ ਨਕਦ ਇਨਾਮ ਅਤੇ ਕਮੈਂਡੇਸ਼ਨ ਸਰਟੀਫਿਕੇਟ-ਕਲਾਸ 1 ਨਾਲ ਸਨਮਾਨ ਕੀਤਾ ਜਾਵੇਗਾ। ਗੁਰਦੀਪ ਕੌਰ ਪਹਿਲਾਂ ਵੀ ਆਪਣੀ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਨਿਭਾਉਂਦੀ ਹੈ।