ਮੋਗਾ ਦੇ ਦੋ ਪਿੰਡ ਪੂਰੀ ਤਰਾਂ ਪਾਣੀ ਵਿਚ ਘਿਰੇ ,ਕਈ ਪਿੰਡ ਸਤਲੁਜ ਦਰਿਆ ਦੀ ਮਾਰ ਹੇਠ ਆਏ

ਮੋਗਾ/ਧਰਮਕੋਟ,18 ਅਗਸਤ (ਜਸ਼ਨ): ਪਹਾੜਾਂ ਵਿਚ ਹੋ ਰਹੀ ਵਰਖਾ ਕਾਰਨ ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ‘ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਛੱਡੇ ਜਾ ਰਹੇ ਪਾਣੀ ਕਰਕੇ ਮੋਗਾ ਜ਼ਿਲੇ ਦੇ ਕਸਬੇ ਧਰਮਕੋਟ ‘ਚ ਦਰਿਆ ਦੀ ਜ਼ਦ ਵਿਚ ਆਉਂਦੇ ਪਿੰਡ ਸੰਘੇੜਾ ਅਤੇ ਕੌਡੀਵਾਲਾ ਪਿੰਡਾਂ ‘ਚ ਪਾਣੀ ਆਉਣ ਨਾਲ ਉੱਥੋਂ ਦੇ ਬਸ਼ਿੰਦਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਵਿਚ ਘਿਰੇ ਦੋਨਾਂ ਪਿੰਡਾਂ ਦੇ ਚਾਰੋ ਪਾਸੇ 15- 15 ਫੁੱਟ ਪਾਣੀ ਖੜਾ ਹੋ ਗਿਆ ਹੈ ,ਫਸਲਾਂ ਪੂਰੀ ਤਰਾਂ ਡੁੱਬ ਗਈਆਂ ਹਨ ਅਤੇ ਲਾਗਲੇ ਪਿੰਡਾਂ ਅਤੇ ਬੰਨ ਨਾਲੋਂ ਉਹਨਾਂ ਦਾ ਸੰਪਰਕ ਪੂਰੀ ਤਰਾਂ ਟੁੱਟ ਗਿਆ ਹੈ। ਲੋਕ ਸਿਰਫ਼ ਕਿਸ਼ਤੀ ਰਾਹੀਂ ਆ ਜਾ ਰਹੇ ਹਨ । ਪਿੰਡ ਦੇ ਲੋਕਾਂ ਨੇ ਦਾਣਾ ਫੱਕਾ ਉੱਚਿਆਂ ਘਰਾਂ ਵਿਚ ਸੰਭਾਲ ਦਿੱਤਾ ਹੈ ਕਿਉਂਕਿ ਮਹਿਜ਼ ਇਕ ਫੁੱਟ ਹੋਰ ਪਾਣੀ ਉੱਚਾ ਹੋਣ ਦੀ ਸੂਰਤ ਵਿਚ ਉਹਨਾਂ ਨੂੰ ਪਿੰਡ ਵਿਚੋਂ ਬਾਹਰ ਜਾਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹੋਰ ਪਿੰਡ ਵੀ ਪ੍ਰਭਾਵਿਤ ਹੋਏ ਹਨ।
ਅੱਜ ਸਥਿਤੀ ਦਾ ਜਾਇਜ਼ਾ ਲੈਣ ਲਈ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਡਿਪਟੀ ਕਮਿਸ਼ਨਰ ਸੰਦੀਪ ਹੰਸ,ਐੱਸ ਡੀ ਐੱਮ ਧਰਮਕੋਟ ਡਾ ਨਰਿੰਦਰ ਸਿੰਘ ਧਾਲੀਵਾਲ,ਤਹਿਸੀਲਦਾਰ ਪਵਨ ਕੁਮਾਰ ਅਤੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਮੌਕੇ ’ਤੇ ਪਹੰੁਚੇ । ਪ੍ਰਸ਼ਾਸਨ ਵੱਲੋਂ ਦੋਨਾਂ ਪਿੰਡਾਂ ਦੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਆਉਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਅੱਜ ਰਾਤ ਪਾਣੀ ਦਾ ਪੱਧਰ ਹੋਰ ਉੱਚਾ ਹੋਣ ਦਾ ਅੰਦੇਸ਼ਾ ਹੈ । ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਖੰਬੇ ,ਫਤਿਹਗੜ੍ਰ ਪੰਜਤੂਰ ,ਕਿਸ਼ਨਪੁਰਾ ਅਤੇ ਧਰਮਕੋਟ ਵਿਖੇ ਬੇਸ ਕੈਂਪ ਬਣਾਏ ਗਏ ਹਨ ਜਿੱਥੇ ਹੜ ਪ੍ਰਭਾਵਿਤ ਲੋਕਾਂ ਲਈ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਪੂਰੀ ਤਰਾਂ ਲੋਕਾਂ ਨਾਲ ਖੜ੍ਰਾ ਹੈ ਅਤੇ ਪਾਣੀ ਵਿਚ ਘਿਰ ਚੁੱਕੇ ਪਿੰਡਾਂ ਲਈ ਪੰਜ ਕਿਸ਼ਤੀਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।
ਮਦਾਰਪੁਰ ਤੋਂ ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਚਾਰੋ ਪਾਸੇ 15 15 ਫੁੱਟ ਪਾਣੀ ਖੜਾ ਹੋ ਗਿਆ ਹੈ ਅਤੇ ਲਾਗਲੇ ਪਿੰਡਾਂ ਅਤੇ ਬੰਨ ਨਾਲੋਂ ਉਹਨਾਂ ਦਾ ਸੰਪਰਕ ਪੂਰੀ ਤਰਾਂ ਟੁੱਟ ਗਿਆ ਹੈ। ਉਹਨਾਂ ਦੱਸਿਆ ਕਿ ਜ਼ਰੂਰੀ ਆਉਣ ਜਾਣ ਵਾਲੇ ਸਿਰਫ਼ ਕਿਸ਼ਤੀ ਰਾਹੀਂ ਆ ਜਾ ਰਹੇ ਹਨ । ਉਹਨਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਦਾਣਾ ਫੱਕਾ ਉੱਚਿਆਂ ਘਰਾਂ ਵਿਚ ਸੰਭਾਲ ਦਿੱਤਾ ਹੈ ਕਿਉਂਕਿ ਮਹਿਜ਼ ਇਕ ਫੁੱਟ ਹੋਰ ਪਾਣੀ ਉੱਚਾ ਹੋਣ ਦੀ ਸੂਰਤ ਵਿਚ ਉਹਨਾਂ ਨੂੰ ਪਿੰਡ ਵਿਚੋਂ ਬਾਹਰ ਜਾਣਾ ਪੈ ਸਕਦਾ ਹੈ।
ਸੰਘੇੜਾ ਪਿੰਡ ਦੇ ਕਿਸਾਨ ਅਤੇ ਸਾਬਕਾ ਸਰਪੰਚ ਸਰੂਪ ਸਿੰਘ ਅਤੇ ਪ੍ਰੇਮ ਸਿੰਘ ਨੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਦਰਿਆ ਦੀ ਜ਼ਦ ਵਿਚ ਪੈਂਦੀ ਉਹਨਾਂ ਦੀ ਜ਼ਮੀਨ ‘ਚ ਉਹਨਾਂ ਨੂੰ ਦੋ ਵਾਰ ਝੋਨੇ ਦੀ ਪਨੀਰੀ ਲਗਾਉਣੀ ਪਈ ਅਤੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਖਰਾਬ ਹੋਣ ਕਾਰਨ ਉਹਨਾਂ ਨੂੰ ਪਸ਼ੂਆਂ ਲਈ ਸੁੱਕੇ ਚਾਰੇ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੇਕਰ ਇਸੇ ਤਰਾਂ ਦਰਿਆ ਦਾ ਪਾਣੀ ਉਹਨਾਂ ਦੇ ਪਿੰਡਾਂ ਵਿਚ ਆਉਂਦਾ ਰਿਹਾ ਤਾਂ ਉਹਨਾਂ ਦੇ ਘਰ ਪਾਣੀ ਵਿਚ ਡੁੱਬਣ ਦੇ ਨਾਲ ਨਾਲ ਉਹਨਾਂ ਨੂੰ ਬੀਮਾਰੀਆਂ ਫੈਲਣ ਦਾ ਖਤਰਾ ਸਤਾ ਰਿਹਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਦਰਿਆਈ ਪਾਣੀ ਨਾਲ ਤਬਾਹ ਹੋਈਆਂ ਉਹਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਉਹਨਾਂ ਨੂੰ ਹਾਲੇ ਤੱਕ ਨਹੀਂ ਮਿਲਿਆ ਅਤੇ ਇਸ ਵਾਰ ਵੀ ਉਹਨਾਂ ਨੂੰ ਦਰਿਆਈ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਰਹੀ ਹੈ।
ਇਸੇ ਤਰਾਂ ਦਰਿਆ ਨਜ਼ਦੀਕ ਪੈਂਦੇ ਹੋਰ ਪਿੰਡਾਂ ਬਹਾਦਰ ਕੇ,ਤਾਰੇਵਾਲਾ ਗੱਟੀ,ਚੱਕ ਸਿੰਘਪੁਰਾ,ਚਾਂਬ,ਮੰਝਲੀ,ਰੇੜਵਾਂ,ਸ਼ੇਰਪੁਰ ਤਾਇਬਾਂ,ਬੱਗੇ ਸ਼ੇਰੇਵਾਲਾ,ਕੰਨੀਆਂ,ਲਲਿਹਾਂਦੀ,ਮੇਲਕਕੰਗਾ, ਅਕਾਲੀਆਂ ਵਾਲਾ ,ਮੰਦਰ,ਬੋਗੇਵਾਲਾ,ਭੈਣੀ ਤੋਂ ਇਲਾਵਾ ਨਾਲ ਲੱਗਦੇ ਹੋਰ ਪਿੰਡ ਵੀ ਪ੍ਰਭਾਵਿਤ ਹੋ ਸਕਦੇ ਹਨ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ 


