ਕਾਂਗਰਸ ਵੱਲੋਂ ਗੈਰਕਾਨੂੰਨੀ ਕੰਮਾਂ ਵਿਚ ਸ਼ਾਮਲ ਪਾਰਟੀ ਵਰਕਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ: ਸਿਟੀ ਪ੍ਰਧਾਨ ਵਿਨੋਦ ਬਾਂਸਲ

ਮੋਗਾ, 17 ਅਗਸਤ (ਜਸ਼ਨ)- ‘ਕਾਂਗਰਸ ਇਕ ਰਾਸ਼ਟਰੀ ਪਾਰਟੀ ਹੈ ਅਤੇ ਕਾਂਗਰਸ ਨੇ ਹਮੇਸ਼ਾਂ ਸਭ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਪਿਰਤ ਨੂੰ ਬਰਕਰਾਰ ਰੱਖਦਿਆਂ ਦੇਸ਼ ਵਿਚ ਆਪਣੀ ਸ਼ਾਖ ਨੂੰ ਮਜਬੂਤ ਕੀਤਾ ਹੈ ,ਪਰ ਜੇ ਕੋਈ ਪਾਰਟੀ ਦਾ ਵਰਕਰ ਪਾਰਟੀ ਦੀਆਂ ਨੀਤੀਆਂ ਦੇ ਉਲਟ ਆਪਣੇ ਇਲਾਕੇ ਵਿਚ ਗੈਰ ਜ਼ਿੰਮੇਵਾਰਾਨਾ ਵਰਤਾਰਾ ਕਰਦਾ ਸਾਹਮਣੇ ਆਉਂਦਾ ਹੈ ਤਾਂ ਇਸ ਨਾਲ ਪਾਰਟੀ ਦੇ ਅਕਸ ਨੂੰ ਵੱਡੀ ਢਾਹ ਜ਼ਰੂਰ ਲੱਗਦੀ ਹੈ ਪਰ ਕਿਸੇ ਵਰਕਰ ਵੱਲੋਂ ਗੈਰਕਾਨੂੰਨੀ ਕੰਮ ਲਈ ਕਿਸੇ ਵੀ ਕਾਂਗਰਸੀ ਲੀਡਰ ਜਾਂ ਕਿਸੇ ਜ਼ਿੰਮੇਵਾਰ ਵਿਅਕਤੀ ਦਾ ਨਾਮ ਕਿਤੇ ਵਰਤਿਆ ਜਾਂਦਾ ਹੈ ਤਾਂ ਉਸ ਲਈ ਉਹ ਪਾਰਟੀ ਲੀਡਰ ਜਾਂ ਵਿਅਕਤੀ ਵਿਸ਼ੇਸ਼ ਜ਼ਿੰਮੇਵਾਰ ਨਹੀਂ ਬਲਕਿ ਉਹ ਉਸ ਵਿਅਕਤੀ ਦੀ ਨਿੱਜੀ ਜ਼ਿੰਮੇਵਾਰੀ ਹੈ ਜਿਸ ਦੀ ਗੈਰਕਾਨੂੰਨੀ ਕੰਮ ਵਿਚ ਸ਼ਮੂਲੀਅਤ ਪਾਈ ਜਾਂਦੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਿਟੀ ਪ੍ਰਧਾਨ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕੀਤਾ । ਉਹਨਾਂ ਕਿਹਾ ਕਿ ਬੀਤੇ ਦਿਨੀਂ ਅਜਿਹੇ ਹੀ ਕੁਝ ਮਾਮਲੇ ਉਹਨਾਂ ਦੇ ਧਿਆਨ ਵਿਚ ਆਏ ਹਨ ਜਿਹਨਾਂ ਵਿਚ ਕਾਂਗਰਸ ਦੇ ਵਰਕਰਾਂ ਦੇ ਨਾਮ ਉਹਨਾਂ ਦੇ ਸਾਹਮਣੇ ਆਏ ਹਨ । ਉਹਨਾਂ ਕਿਹਾ ਕਿ ਉਹ ਛੇਤੀ ਹੀ ਮਾਮਲੇ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੁਲਿਸ ਵੱਲੋਂ ਵੀ ਇਹਨਾਂ ਘਟਨਾਵਾਂ ਵਿਚ ਸ਼ਾਮਲ ਵਿਅਕਤੀਆਂ ਖਿਲਾਫ਼ ਤਫਤੀਸ਼ ਜਾਰੀ ਹੈ ਅਤੇ ਕਾਨੂੰਨ ਆਪਣਾ ਰਸਤਾ ਆਜ਼ਾਦਾਨਾਂ ਢੰਗ ਨਾਲ ਅਖਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਤਫਤੀਸ਼ ਉਪਰੰਤ ਜੇਕਰ ਕਾਂਗਰਸ ਦੇ ਕਿਸੇ ਵਰਕਰ ਜਾਂ ਆਗੂ ਦੀ ਕਿਤੇ ਗੈਰਕਾਨੂੰਨੀ ਮਾਮਲੇ ਵਿਚ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਹ ਇਸ ਨੂੰ ਪਾਰਟੀ ਪ੍ਰਧਾਨ ਦੇ ਧਿਆਨ ਵਿਚ ਲਿਆਉਣਗੇ ਅਤੇ ਪਾਰਟੀ ਦੀ ਅਨੁਸ਼ਾਸਨਿਕ ਕਮੇਟੀ ਅਜਿਹੇ ਵਰਕਰਾਂ ਖਿਲਾਫ਼ ਬਣਦੀ ਕਾਰਵਾਈ ਜ਼ਰੂਰ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਗਰ ਨਿਗਮ ਦੇ ਇਕ ਕੌਂਸਲਰ ’ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਸਨ ਅਤੇ ਇਕ ਹੋਰ ਸੀਨੀਅਰ ਆਗੂ ’ਤੇ ਵੀ ਜਬਰੀ ਚੰਦਾ ਵਸੂਲਣ ਦੀ ਘਟਨਾ ਵੀ ਸਾਹਮਣੇ ਆਈ ਸੀ,ਪਰ ਅੱਜ ਕਾਂਗਰਸ ਦੇ ਸਿਟੀ ਪ੍ਰਧਾਨ ਵਿਨੋਦ ਬਾਂਸਲ  ਵੱਲੋਂ ਅਜਿਹੇ ਆਗੂਆਂ ਦੀਆਂ ਇਹਨਾਂ ਕਾਰਵਾਈਆਂ ਤੋਂ ਪੱਲਾ ਝਾੜ ਲੈਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਇਕ ਅਨੁਸ਼ਾਸਨਿਕ ਪਾਰਟੀ ਹੈ ਜੋ ਕਦੇ ਵੀ ਕਿਸੇ ਤਰਾਂ ਦੀ ਵੀ ਗੈਰ ਜ਼ਿੰਮੇਵਾਰਾਨਾ ਗਤੀਵਿਧੀਆਂ ਦੀ ਹਮਾਇਤ ਨਹੀਂ ਕਰਦੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ