ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਰੱਖੜੀ ਬੰਨੀ
ਜਲੰਧਰ, 15 ਅਗਸਤ ਰੱਖੜੀ ਦੇ ਤਿਉਹਾਰ ਦੇ ਪਿਆਰ ਤੇ ਸਤਿਕਾਰ ਵਜੋਂ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਪੰਜ ਲੜਕੀਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਰੱਖੜੀ ਬੰਨੀ।ਮੁੱਖ ਮੰਤਰੀ ਨੇ ਇਸ ਤਿਉਹਾਰ ਅਤੇ ਪਵਿੱਤਰ ਮੌਕੇ ’ਤੇ ਸਨੇਹ ਦਿਖਾਉਂਦਿਆਂ ਪਿਆਰ ਵਜੋਂ ਲੜਕੀਆਂ ਨੂੰ ਮਠਿਆਈਆਂ ਅਤੇ ਤੋਹਫਿਆਂ ਦੀ ਪੇਸ਼ਕਸ਼ ਕੀਤੀ ਅਤੇ ਉਨਾਂ ਦੇ ਖੁਸ਼ਹਾਲ ਤੇ ਰੌਸ਼ਨ ਭਵਿੱਖ ਦੀ ਕਾਮਨਾ ਵੀ ਕੀਤੀ। ਮੁੱਖ ਮੰਤਰੀ ਨੂੰ ਮਠਿਆਈ ਦੇਣ ਅਤੇ ਉਨਾਂ ਦੇ ਮੱਥੇ ’ਤੇ ਤਿਲਕ ਲਾਉਣ ਵਾਲੀਆਂ ਲੜਕੀਆਂ ਵਿੱਚੋਂ ਦੋ ਲੜਕੀਆਂ ਸ਼ਹੀਦ ਸੈਨਿਕਾਂ ਦੀਆਂ ਸਨ। ਇਕ ਲੜਕੀ ਸੋਨੀਆ ਜੰਮੂ ਕਸ਼ਮੀਰ ਦੇ ਰਕਸ਼ਕ ਓਪਰੇਸ਼ਨ ਦੇ ਸ਼ਹੀਦ ਕਾਂਸਟੇਬਲ ਰਾਜ ਕੁਮਾਰ ਦੀ ਧੀ ਸੀ ਜਦਕਿ ਦੂਜੀ ਲੜਕੀ ਭਾਵਨਾ ਰਕਸ਼ਕ ਓਪਰੇਸ਼ਨ ਦੇ ਹੀ ਸ਼ਹੀਦ ਲਾਂਸ ਨਾਇਕ ਕੁਲਵਿੰਦਰ ਸਿੰਘ ਦੀ ਧੀ ਸੀ।ਬਾਕੀ ਲੜਕੀਆਂ ਵਿੱਚ ਗੁਰਦਾਸਪੁਰ ਤੋਂ ਕਿਸਾਨ ਦੀ ਧੀ ਸੁਲੇਖਾ ਜੋ ਸਥਾਨਕ ਰੈੱਡ ਕਰਾਸ ਸਕੂਲ ਫਾਰ ਡੈੱਫ ਵਿੱਚ ਤੀਜੀ ਜਮਾਤ ਦੀ ਵਿਦਿਆਰਥਣ ਹੈ ਅਤੇ ਇਕ ਹੋਰ ਲੜਕੀ ਮੁਸਕਾਨ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨਾਲ ਸਬੰਧਤ ਹੈ ਜੋ ਇੱਥੋਂ ਦੇ ਨਹਿਰੂ ਗਾਰਡਨ ਸਥਿਤ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਅਤੇ ਕੋਮਲਪ੍ਰੀਤ ਕੌਰ ਪਿੰਡ ਸਲੇਮਪੁਰ ਤੋਂ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ।