14 ਅਗਸਤ ਨੂੰ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਪਟਿਆਲੇ ਪਹੁੰਚਣਗੇ

Tags: 

ਮੋਗਾ ,10 ਅਗਸਤ (ਜਸ਼ਨ):   ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਕਾ. ਸਤੀਸ਼ ਲੂੰਬਾ ਹਾਲ ਵਿੱਚ ਹੋਈ। ਇਸ ਮੌਕੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਦੇ ਜਵਾਈ ਦੀ ਅਚਾਨਕ ਮੌਤ, ਸਾਥੀ ਨਛੱਤਰ ਸਿੰਘ ਲੰਗੇਆਣਾ ਦੀ ਪਤਨੀ ਦੀ ਲੰਬੀ ਬਿਮਾਰੀ ਪਿੱਛੋਂ ਮੌਤ, ਪ੍ਰਧਾਨ ਜੀ ਦੇ ਰਿਸ਼ਤੇਦਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਪ੍ਰਧਾਨ ਜੀ ਦੀ ਆਗਿਆ ਨਾਲ ਮੀਟਿੰਗ ਸ਼ੁਰੂ ਕਰਦੇ ਹੋਏ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਵੱਲੋਂ ਮਿਤੀ 4-7-2019 ਅਤੇ 10-07-2019 ਨੂੰ ਜਾਰੀ ਕੀਤੇ ਪੱਤਰਾਂ ਦੀ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ 31-12-1992 ਤੱਕ ਆਪਸ਼ਨ ਬਦਲਣ ਲਈ ਹੁਣ ਦੋ ਮਹੀਨੇ ਸਮਾਂ ਹੋਰ ਦਿੱਤਾ ਗਿਆ ਹੈ ਜਿਸ ਦੀ ਸਮਾਂ ਸੀਮਾ 9 ਸਤੰਬਰ ਨੂੰ ਖਤਮ ਹੋ ਜਾਵੇਗੀ। ਕੋਈ ਵੀ ਕਰਮਚਾਰੀ ਜੋ ਆਪਣੀ ਆਪਸ਼ਨ ਬਦਲ ਕੇ ਲਾਭ ਲੈਣ ਤੋਂ ਵੰਚਿਤ ਰਹਿ ਗਿਆ ਹੈ ਤਾਂ ਉਹ ਇਸ ਸਮੇਂ ਦੌਰਾਨ ਆਪਣੀ ਆਪਸ਼ਨ ਬਦਲੀ ਕਰ ਸਕਦਾ ਹੈ। ਪ੍ਰਧਾਨ ਜੀ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਮਿਲਦੇ ਵਾਧੂ ਭੱਤਿਆਂ ਤੇ ਵੀ ਆਮਦਨ ਕਰ ਸਰਕਾਰੀ ਖਜ਼ਾਨੇ ਵਿੱਚੋਂ ਦੇਣ ਦਾ ਫੈਸਲਾ ਕੀਤਾ ਹੈ ਜਦਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪਿਛਲੇ ਬਣਦੇ ਬਕਾਏ ਅਤੇ ਹੋਰ ਲਾਭ ਵੀ ਨਹੀਂ ਦਿੱਤੇ ਜਾ ਰਹੇ। ਉਨ੍ਹਾ ਕਿਹਾ ਕਿ ਮੰਤਰੀ ਅਤੇ ਵਿਧਾਇਕ ਆਪ ਹੁਦਰੇਪਣ ਨਾਲ ਹੀ ਖਜ਼ਾਨੇ ਨੂੰ ਚੂਨਾ ਲਾ ਰਹੇ ਹਨ। ਅੰਤਾਂ ਦੀ ਮਹਿੰਗਾਈ ਕਰਕੇ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ, ਅਵਾਰਾ ਪਸ਼ੂਆਂ ਬਾਰੇ ਵਿਧਾਇਕ / ਸਰਕਾਰਾਂ ਕੁੱਝ ਨਹੀਂ ਕਰ ਰਹੀਆਂ, ਲੋਕ ਪਸ਼ੂਆਂ ਨਾਲ ਐਕਸੀਡੈਂਟ ਨਾਲ ਮਰ ਰਹੇ ਹਨ, ਵਿਧਾਇਕ ਭੋਗਾਂ ਤੇ ਜਾ ਕੇ, ਲੋਕਾਂ ਨੂੰ ਸਰਕਾਰੀ ਗ੍ਰਾਂਟਾਂ ਆਦਿ ਦੇ ਚੈੱਕ ਵੰਡ ਕੇ ਡੰਗ ਟਪਾ ਰਹੇ ਹਨ ਜਿਵੇਂ ਕਿਤੇ ਆਪਣੀ ਜੇਬ ਵਿੱਚੋਂ ਦੇ ਰਹੇ ਹੋਣ, ਸਰਕਾਰੀ ਨੌਕਰੀਆਂ ਦੀ ਥਾਂ ਤੇ ਪ੍ਰਾਈਵੇਟ ਨੌਕਰੀਆਂ ਨੂੰ ਸਰਕਾਰ ਆਪਣੇ ਖਾਤੇ ਵਿੱਚ ਪਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਫ਼ਤਰੀ ਅਧਿਕਾਰੀਆਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਮੁਲਾਜ਼ਮਾਂ ਨੂੰ ਸਰਕਾਰ ਦੇ ਪੱਤਰਾਂ ਨਾਲ ਲਾਭ ਹੋਣਾ ਹੈ ਉਨ੍ਹਾਂ ਨੂੰ ਇਹ ਕੇਸ ਆਪ ਤਿਆਰ ਕਰਵਾ ਕੇ  ਏ.ਜੀ. ਪੰਜਾਬ ਨੂੰ ਭੇਜਣੇ ਚਾਹੀਦੇ ਹਨ। ਪ੍ਰਧਾਨ ਜੀ ਨੇ ਸਾਰੇ ਮੁਲਾਜ਼ਮਾਂ ਨੂੰ 14 ਅਗਸਤ ਨੂੰ ਪਟਿਆਲਾ ਵਿਖੇ ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਵੱਲੋਂ ਕੀਤੇ ਜਾ ਰਹੇ `ਪਟਿਆਲਾ ਆਓ ਸਰਕਾਰ ਭਜਾਓ` ਸੰਘਰਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਿਸਤੇ ਸਰਵ ਸੰਮਤੀ ਨਾਲ ਹੁੰਗਾਰਾ ਭਰਦੇ ਹੋਏ ਸਾਥੀਆਂ ਨੇ ਕਿਹਾ ਕਿ ਉਹ ਵਧ ਚੜ੍ਹ ਕੇ ਹਿੱਸਾ ਪਾਉਣਗੇ। ਅੰਤ ਵਿੱਚ ਸਵਰਨ ਸਿੰਘ ਨੂੰ 70 ਸਾਲ ਦੀ ਉਮਰ ਤੱਕ ਜਥੇਬੰਦੀ ਸਰਗਰਮੀ ਨਾਲ ਕੰਮ ਕਰਨ ਲਈ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਪੋਹਲਾ ਸਿੰਘ ਬਰਾੜ, ਬਲਵਿੰਦਰ ਸਿੰਘ ਕੋਰੇਵਾਲਾ, ਗਿਆਨ ਸਿੰਘ ਮਾਛੀਕੇ, ਬੂਟਾ ਸਿੰਘ ਭੱਟੀ, ਸੱਤਪਾਲ ਸਹਿਗਲ, ਕੁਲਵੰਤ ਸਿੰਘ ਡਰੋਲੀ, ਬਲਵਿੰਦਰ ਸਿੰਘ ਘੋਲੀਆ, ਅਜਮੇਰ ਸਿੰਘ ਦੱਦਾਹੂਰ, ਮਿਹਰ ਸਿੰਘ, ਹਰਦਿਆਲ ਸਿੰਘ ਲੰਢੇਕੇ, ਕਰਨੈਲ ਸਿੰਘ ਭਲੂਰ, ਚਮਕੌਰ ਸਿੰਘ ਥੋਥੜ, ਨੱਥੂ ਰਾਮ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਦੇਵ ਸਿੰਘ ਲੰਬਾ ਦੌਧਰ ਨੇ ਸਾਥੀਆਂ ਦੀ ਚਾਹ ਪਾਣੀ ਦੀ ਸੇਵਾ ਕੀਤੀ।