ਸਰੀ 'ਚ ਮਨਾਏ 23ਵੇਂ 'ਮੇਲਾ ਗਦਰੀ ਬਾਬਿਆਂ ਦਾ' ਮੌਕੇ ਚਾਰ ਮਤੇ ਪਾਸ #ਗਦਰ ਲਹਿਰ ਦੇ ਸ਼ਹੀਦ ਭਾਈ ਮੇਵਾ ਸਿੰਘ ਸਬੰਧੀ ਮੁਜਰਮਾਨਾ ਰਿਕਾਰਡ ਦਰੁਸਤ ਕਰੇ ਕਨੇਡਾ ਸਰਕਾਰ #ਅੰਡੇਮਾਨ-ਨਿਕੋਬਾਰ ਟਾਪੂਆਂ ਦੇ ਨਾਂ ਗਦਰੀ ਦੇਸ਼ ਭਗਤਾਂ ਦੇ ਨਾਂ 'ਤੇ ਰੱਖੇ ਜਾਣ

Tags: 

ਚੰਡੀਗੜ੍ਹ 9 ਅਗਸਤ (ਪ੍ਰੋ:ਸੁਰਜੀਤ ਸਿੰਘ ਕਾਉਂਕੇ):ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 150ਵੀਂ ਸ਼ਤਾਬਦੀ ਨੂੰ ਸਮਰਪਿਤ 23ਵਾਂ 'ਮੇਲਾ ਗਦਰੀ ਬਾਬਿਆਂ ਦਾ' ਸਰੀ ਦੇ ਬੇਅਰ ਕਰੀਕ ਪਾਰਕ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਕੈਨੇਡਾ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਾਜਰੀ ਭਰੀ।ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਦੀ ਅਗਵਾਈ ਹੇਠ ਹੋਏ ਇਸ 23ਵੇਂ ਮੇਲੇ ਵਿੱਚ ਚਾਰ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਗਦਰ ਲਹਿਰ  ਦੇ ਸ਼ਹੀਦ ਭਾਈ ਮੇਵਾ ਸਿੰਘ ਸਬੰਧੀ ਮੁਜਰਮਾਨਾ ਰਿਕਾਰਡ ਨੂੰ ਦਰੁਸਤ ਕੀਤਾ ਜਾਵੇ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਕਾਮਾਗਾਟਾ ਮਾਰੂ ਅਤੇ ਗ਼ਦਰ ਲਹਿਰ ਸਮੇਤ ਸਿੱਖ ਇਤਿਹਾਸ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਬਣਾਵੇ।ਤੀਜੇ ਮਤੇ ਵਿੱਚ ਉਨ੍ਹਾਂ ਬਰਤਾਨਵੀ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਵਿੱਚ ਆਪਣੇ ਸ਼ਾਸਨ ਕਾਲ ਦੌਰਾਨ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਮੇਤ ਪੰਜਾਬੀਆਂ ਖ਼ਾਸਕਰ ਸਿੱਖਾਂ ਨਾਲ ਕੀਤੀਆਂ ਵਧੀਕੀਆਂ ਅਤੇ ਜ਼ੁਲਮਾਂ ਸਬੰਧੀ ਮਾਫੀ ਮੰਗੀ  । ਚੌਥੇ ਮਤੇ ਵਿੱਚ ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਟਾਪੂਆਂ ਦੇ ਨਾਂ, ਜੋ ਕਿ ਬਰਤਾਨਵੀ ਸਾਮਰਾਜ ਦੇ ਅਧਿਕਾਰੀਆਂ ਦੇ ਨਾਂ ਉੱਤੇ ਰੱਖੇ ਹੋਏ ਹਨ, ਨੂੰ ਬਦਲ ਕੇ ਗ਼ਦਰੀ ਦੇਸ਼ ਭਗਤਾਂ ਦੇ ਨਾਂ ਉੱਤੇ ਰੱਖੇ ਜਾਣ ਅਤੇ ਆਜ਼ਾਦੀ ਦੇ ਇਤਿਹਾਸ ਨੂੰ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਲਾਗੂ ਕੀਤਾ ਜਾਵੇ।ਇਸ ਮੌਕੇ ਕੈਨੇਡਾ ਸਰਕਾਰ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਵਿਰੋਧੀ ਪਾਰਟੀ ਐੱਨ.ਡੀ.ਪੀ. ਦੇ ਮੁੱਖੀ ਜਗਮੀਤ ਸਿੰਘ, ਸੰਸਦ ਮੈਂਬਰ ਸੁੱਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ ਅਤੇ ਸਿਟੀ ਕੌਂਸਲਰ ਜੈੱਕ ਹੁੰਦਲ, ਆਦਿ ਨੇ ਗ਼ਦਰੀ ਬਾਬਿਆਂ ਬਾਰੇ ਆਪਣੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗਦਰ ਲਹਿਰ ਦੇ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੇ ਪਰਿਵਾਰ ਨੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ।ਇਸ ਮੇਲੇ ਦੌਰਾਨ ਭੰਗੜਾ, ਗਿੱਧਾ ਅਤੇ ਹੋਰ ਨ੍ਰਿਤ ਵੀ ਪੇਸ਼ ਕੀਤੇ ਗਏ। ਇਸ ਮੌਕੇ ਉੱਘੇ ਪੰਜਾਬੀ ਕਲਾਕਾਰਾਂ ਮੁਹੰਮਦ ਸਦੀਕ, ਰਾਜ ਕਾਕੜਾ, ਗਿੱਲ ਹਰਦੀਪ, ਮੋਹਸਿਨ ਸ਼ੌਕਤ ਅਲੀ, ਸੁਰਿੰਦਰ ਲਾਡੀ ਅਤੇ ਕੌਰ ਮਨਦੀਪ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੇਲੇ ਨੂੰ ਸਫਲ ਬਣਾਉਣ ਲਈ ਫਾਊਂਡੇਸ਼ਨ ਦੇ ਅਹੁਦੇਦਾਰਾਂ ਵਿੱਚ ਕਿਰਨਪਾਲ ਗਰੇਵਾਲ, ਰਾਜ ਪੱਡਾ, ਅਮਰਪ੍ਰੀਤ ਗਿੱਲ, ਜਸਪਾਲ ਥਿੰਦ,ਅੰਮਿ੍ਰਤ ਸੰਧੂ, ਜਗਰੂਪ ਖਹਿਰਾ ਅਾਦਿ ਨੇ ਬਾਖ਼ੂਬੀ ਸੇਵਾਵਾਂ ਨਿਭਾਈਆਂ। ਸਟੇਜ ਸਕੱਤਰ ਦੇ ਫਰਜ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਮਨਜੀਤ ਕੌਰ ਕੰਗ ਨੇ ਸ਼ਾਨਦਾਰ ਢੰਗ ਨਾਲ ਨਿਭਾਏ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ