ਕੈਪਟਨ ਸਰਕਾਰ ਅਗਲੇ ਮਹੀਨੇ ਰੋਜ਼ਗਾਰ ਮੇਲਿਆਂ ਰਾਹੀਂ 2 ਲੱਖ ਤੋਂ ਵੱਧ ਨੌਕਰੀਆਂ ਕਰੇਗੀ ਮੁਹੱਈਆ,5 ਅਕਤੂਬਰ ਨੂੰ ਵਿਸ਼ਾਲ ਰੋਜ਼ਗਾਰ ਮੇਲੇ ਦੌਰਾਨ ਮੁੱਖ ਮੰਤਰੀ ਚੁਣੇ ਗਏ ਉਮੀਦਵਾਰਾਂ ਨੂੰ ਆਪਣੇ ਹੱਥੀਂ ਨਿਯੁਕਤੀ ਪੱਤਰ ਸੌਂਪਣਗੇ
ਚੰਡੀਗੜ, 8 ਅਗਸਤ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸੂਬੇ ਵਿੱਚ ਅਗਲੇ ਮਹੀਨੇ ਵੱਖ-ਵੱਖ ਥਾਵਾਂ ’ਤੇ ਕਰਵਾਏ ਜਾ ਰਹੇ ਰੋਜ਼ਗਾਰ ਮੇਲਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪ੍ਰਮੁੱਖ ‘ਘਰ ਘਰ ਰੋਜ਼ਗਾਰ’ ਪ੍ਰੋਗਰਾਮ ਨੂੰ ਵੱਡਾ ਹੁਲਾਰਾ ਮਿਲੇਗਾ। ਇਨਾਂ ਮੇਲਿਆਂ ਤੋਂ ਬਾਅਦ ਇੱਕ ਵਿਸ਼ਾਲ ਰੋਜ਼ਗਾਰ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਥੇ ਮੁੱਖ ਮੰਤਰੀ ਚੁਣੇ ਹੋਏ ਉਮੀਦਵਾਰਾਂ ਨੂੰ ਆਪਣੇ ਹੱਥੀਂ ਨਿਯੁਕਤੀ ਪੱਤਰ ਸੌਂਪਣਗੇ। ਇੱਕ ਸਰਕਾਰੀ ਬੁਲਾਰੇ ਮੁਤਾਬਿਕ 5 ਅਕਤੂਬਰ ਨੂੰ ਰੋਪੜ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਰੋਜ਼ਗਾਰ ਮੇਲੇ ਦੌਰਾਨ ਮੁੱਖ ਮੰਤਰੀ ਨਿਯੁਕਤੀ ਪੱਤਰ ਸੌਂਪਣਗੇ ਜਦਕਿ ਇਸ ਤੋਂ ਪਹਿਲਾਂ ਸੂਬਾ ਭਰ ਵਿੱਚ 9 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ 75 ਥਾਵਾਂ ’ਤੇ ਰੋਜ਼ਗਾਰ ਮੇਲੇ ਲਾਏ ਜਾਣਗੇ ਜਿੱਥੇ ਪ੍ਰਾਈਵੇਟ ਸੈਕਟਰ ਵਿਚ 2 ਲੱਖ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਰੋਜ਼ਗਾਰ ਉਤਪਤੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਸੈਕਟਰਾਂ ਵਿਚ ਰੋਜ਼ਗਾਰ ਦੇ 2 ਲੱਖ ਤੋਂ ਵੱਧ ਮੌਕਿਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨਾਂ ਨੂੰ ਛੇਤੀ ਹੀ ਵਿਭਾਗ ਦੀ ਸਰਕਾਰੀ ਵੈਬਸਾਈਟ ... ’ਤੇ ਅਪਲੋਡ ਕੀਤਾ ਜਾਵੇਗਾ। ਬੇਰੋਜ਼ਗਾਰ ਨੌਜਵਾਨ ਅਰਜ਼ੀ ਪ੍ਰਿਆ ਅਤੇ ਹੋਰ ਸਬੰਧਤ ਜਾਣਕਾਰੀ ਹਾਸਲ ਕਰਨ ਲਈ ਇਸ ਵੈਬਸਾਈਟ ’ਤੇ ਲੌਗ ਔਨ ਕਰ ਸਕਦੇ ਹਨ। ਇਕੱਲੇ ਲੁਧਿਆਣਾ ਜ਼ਿਲੇ ਵਿਚ 45 ਹਜ਼ਾਰ ਤੋਂ ਵੱਧ ਰੋਜ਼ਗਾਰ ਦੇ ਮੌਕਿਆਂ ਦੀ ਸ਼ਨਾਖਤ ਕੀਤੀ ਗਈ ਹੈ ਜਦਕਿ ਬਠਿੰਡਾ ਵਿਚ 13,558 ਅਤੇ ਜਲੰਧਰ, ਮੋਹਾਲੀ, ਪਟਿਆਲਾ ਅਤੇ ਅੰਮਿ੍ਰਤਸਰ ਜ਼ਿਲੇ ਵਿਚ 12-12 ਹਜ਼ਾਰ ਨੌਕਰੀਆਂ ਦੀ ਸ਼ਨਾਖਤ ਕੀਤੀ ਗਈ ਹੈ।ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਪਾਸੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਧਾਰ ’ਤੇ ਅਸਾਮੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਡਿਪਟੀ ਕਮਿਸ਼ਨਰਾਂ ਨੇ ਖਾਲੀ ਅਸਾਮੀਆਂ ਦੀ ਗਿਣਤੀ ਅਤੇ ਯੋਗਤਾ ਨਾਲ ਸਬੰਧਤ ਸੂਚਨਾ ਦਾ ਪਤਾ ਲਾਉਣ ਲਈ ਸਨਅਤੀ ਅਤੇ ਵਪਾਰਕ ਘਰਾਣਿਆਂ, ਪ੍ਰਾਈਵੇਟ ਕੰਪਨੀਆਂ, ਮਾਲਜ਼ ਅਤੇ ਸਥਾਨਕ ਪੱਧਰ ’ਤੇ ਰੋਜ਼ਗਾਰ ਦੇਣ ਵਾਲਿਆਂ ਨਾਲ ਲੰਮੀ ਚੌੜੀ ਵਿਚਾਰ-ਚਰਚਾ ਕੀਤੀ। ਇਹ ਕਦਮ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਚੁੱਕੇ ਗਏ ਹਨ ਜਿਨਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਪੰਜਾਬ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਸਤੇ ਆਪਣੇ ਯਤਨਾਂ ’ਚ ਤਾਲਮੇਲ ਬਿਠਾਉਣ ਲਈ ਆਖਿਆ। ਉਨਾਂ ਨੇ ਬੇਰੋਜ਼ਗਾਰ ਨੌਜਵਾਨਾਂ ਦੀ ਸਹੂਲਤ ਲਈ ਨੌਕਰੀਆਂ ਅਤੇ ਉਨਾਂ ਆਪਣੇ ਪੱਧਰ ’ਤੇ ਕਾਰੋਬਾਰ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਿਸ ਨੇ 9 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਵੈ ਜਾਂ ਤਨਖਾਹ ’ਤੇ ਰੋਜ਼ਗਾਰ (1000 ਰੋਜ਼ਗਾਰ ਪ੍ਰਤੀ ਦਿਨ ਤੋਂ ਵੱਧ ਦੀ ਦਰ ’ਤੇ) ਮੁਹੱਈਆ ਕਰਵਾਉਣ ਵਿਚ ਸਹੂਲਤ ਪ੍ਰਦਾਨ ਕੀਤੀ ਅਤੇ ਵਿਭਾਗ ਨੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਉੱਦਮ ਲਈ ਕਰਜ਼ਾ ਮੁਹੱਈਆ ਕਰਵਾਉਣ ਵਾਸਤੇ ਵੀ ਬੈਂਕਾਂ ਨਾਲ ਤਾਲਮੇਲ ਕੀਤਾ। ਰੋਜ਼ਗਾਰ ਦੇ ਚਾਹਵਾਨਾਂ ਲਈ ਸਾਰੇ ਜ਼ਿਲਿਆਂ ਵਿਚ ਜ਼ਿਲਾ ਰੋਜ਼ਗਾਰ ਤੇ ਉਦਯੋਗ ਬਿਊਰੋ ਨੋਡਲ ਸੈਂਟਰਾਂ ਵਜੋਂ ਕੰਮ ਕਰਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਫਰਵਰੀ, 2019 ਵਿੱਚ ਸੂਬਾ ਭਰ ’ਚ ਵੱਖ ਵੱਖ ਥਾਈਂ ਰੋਜ਼ਗਾਰ ਮੇਲਿਆਂ ਦੌਰਾਨ ਪ੍ਰਾਈਵੇਟ ਸੈਕਟਰ ਵਿਚ ਨੌਜਵਾਨਾਂ ਨੂੰ 55 ਹਜ਼ਾਰ ਦੇ ਲਗਭਗ ਨੌਕਰੀਆਂ ਦਿੱਤੀਆਂ ਗਈਆਂ ਸਨ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ