ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਈ.ਐਸ.ਐਫ. ਕਾਲਜ, ਮੋਗਾ ਵਿਖੇ ਮਨਾਇਆ ਗਿਆ ਜ਼ਿਲਾ ਪੱਧਰੀ ਵਣ ਮਹਾਂਉਤਸਵ

ਮੋਗਾ 08 ਜੁਲਾਈ:(ਜਸ਼ਨ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੂਬੇ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਦੀ ਸਵੱਛਤਾ ਲਈ ਅੱਜ ਆਈ.ਐਸ.ਐਫ. ਕਾਲਜ ਮੋਗਾ ਵਿਖੇ ਜ਼ਿਲਾ ਪੱਧਰੀ ਵਣ ਮਹਾਂਉਤਸਵ ਮਨਾਇਆ ਗਿਆ। ਇਸ ਜ਼ਿਲਾ ਪੱਧਰੀ ਵਣ ਮਹਾਂਉਤਸਵ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਸੀਨੀਅਰ ਪੁਲਿਸ ਕਪਤਾਨ ਸ੍ਰੀ ਅਮਰਜੀਤ ਸਿੰਘ ਬਾਜਵਾ, ਡਿਵੀਜਨ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਕਾਲਜ ਦੀ ਗਰਾਊਡ ਵਿੱਚ ਪੌਦੇ ਲਗਾ ਕੇ ਕੀਤੀ।ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਆਪਣੇ ਥੋੜੇ ਜਿਹੇ ਲਾਲਚ ਕਰਕੇ ਕੁਦਰਤੀ ਜੰਗਲਾਂ ਨੂੰ ਖਤਮ ਕਰ ਰਿਹਾ ਹੈ ਅਤੇ ਕੰਕਰੀਟ ਜੰਗਲਾਂ ਵਿੱਚ ਰਹਿਣ ਲੱਗੇ ਗਏ ਹਨ। ਉਨਾਂ ਕਿਹਾ ਕਿ ਇਹ ਸਮਾਂ ਹੈ ਕਿ ਅਸੀ ਵਾਤਾਵਰਨ ਪ੍ਰਤੀ ਸੁਚੇਤ ਹੋਈਏ ਅਤੇ ਜੋ ਕੁਦਰਤ ਦਾ ਈਕੋ ਸਿਸਟਮ ਹੈ ਉਸਦਾ ਬੈਲੇਸ ਵਿਗਾੜੀਏ ਨਾ ਬਲਕਿ ਹੋਰ ਦਰੱਖਤ ਲਗਾ ਕੇ ਉਸ ਵਿੱਚ ਵਾਧਾ ਕਰੀਏ। ਉਨਾਂ ਪ੍ਰੋਗਰਾਮ ਵਿੱਚ ਬੈਠੇ ਹੋਏ ਵਾਤਾਵਰਨ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਦੇ ਵਾਤਾਵਰਨ ਦੀ ਸੁੱਧਤਾ ਲਈ ਕੀਤੇ ਗਏ ਉਪਰਲਿਆਂ ਦੀ ਵੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਹਰ ਪਿੰਡ ਵਿੰਚ 550 ਬੂਟੇ ਲਗਾਉਣ ਤੋ ਇਲਾਵਾ ਬਾਬਾ ਜੀ ਨੇ ਆਪਣੇ ਤੌਰ ਤੇ 20 ਹਜ਼ਾਰ ਰੁੱਖ ਲਗਾਉਣ ਦਾ ਟੀਚਾ ਪੂਰਾ ਕੀਤਾ ਹੈ। ਇਸ ਦੌਰਾਨ ਡਿਵੀਜਨ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਵਣ ਮਹਾਂਉਤਸਵ ਮਨਾਉਣ ਦਾ ਮਕਸਦ ਸਿਰਫ ਦਰੱਖਤ ਲਗਾਉਣਾ ਨਹੀ ਬਲਕਿ ਇਨਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲੇ ਵਿੱਚ 5 ਲੱਖ ਦੇ ਕਰੀਬ ਪੌਦੇ ਲਗਾਏ ਜਾ ਰਹੇ ਹਨ ਜਿੰਨਾਂ ਦੀ ਮਹੱਤਤਾ ਦਾ ਅੱਜ ਤੋ ਪੰਜ ਛੇ ਸਾਲ ਬਾਅਦ ਜਦੋ ਉਹ ਵੱਡੇ ਹੋ ਜਾਣਗੇ ਪਤਾ ਲੱਗੇਗਾ। ਇਸ ਦੌਰਾਨ ਉਨਾਂ ਵਿਦਿਆਰਥੀਆਂ ਨੂੰ ਪੌਦਿਆਂ ਤੋ ਬਣਨ ਵਾਲੀਆਂ ਕੁਦਰਤੀ ਦਵਾਈਆਂ ਤੇ ਰਿਸਰਚ ਕਰਨ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਸੰਤ ਬਾਬਾ ਗੁਰਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਇਨਸਾਨਾਂ ਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਉਨਾਂ ਦੱਸਿਆ ਕਿ ਇਨਸਾਨ ਪਾਣੀ ਤੋ ਬਿਨਾਂ ਤਾਂ ਕੁਝ ਦਿਨ ਰਹਿ ਸਕਦਾ ਹੈ ਪਰ ਆਕਸੀਜਨ ਬਿਨਾਂ ਇੱਕ ਮਿੰਟ ਵੀ ਜਿਉਦਾ ਨਹੀ ਰਹਿ ਸਕਦਾ। ਉਨਾਂ ਕਿਹਾ ਕਿ ਸਮਾਂ ਹੈ ਜਾਗਰੂਕ ਹੋਣ ਦਾ ਕਿ ਵਣ ਸਿਰਫ ਪੈਸਿਆਂ ਲਈ ਹੀ ਨਹੀ ਬਲਕਿ ਜੀਵਨ ਦਾਨ ਲਈ ਲਗਾਏ ਜਾਣ। ਇਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਅਮਰਜੀਤ ਸਿੰਘ ਬਾਜਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਤੋ ਮੁਕਤ ਕਰਨ ਲਈ ਜਿੱਥੇ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਉਥੇ ਹੀ ਉਨਾਂ ਵਿਦਿਆਰਥੀਆਂ ਨੂੰ ਰੁੱਖਾਂ ਦੀ ਦੇਖ ਭਾਲ ਕਰਨ ਲਈ ਵੀ ਸੇਧ ਦਿੱਤੀ। ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋ ਇੱਕ ਹੋਰ ਬਹੁਤ ਹੀ ਸ਼ਲਾਘਾਯੋਗ ਜਲ ਸ਼ਕਤੀ ਅਭਿਆਨ ਦਾ ਉਪਰਾਲਾ ਕੀਤਾ ਗਿਆ ਹੈ ਜੋ ਵਾਤਾਵਰਨ ਨਾਲ ਹੀ ਸਬੰਧਤ ਹੈ। ਉਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਦਿਨ ਬ ਦਿਨ ਘਟ ਰਹੇ ਪਾਣੀ ਦੇ ਪੱਧਰ ਨ੍ਵੁੰ ਉੱਚਾ ਚੁੱਕਣ ਲਈ ਯਤਨ ਕਰੀਏ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋ ਬਚਾਉਣ ਦੇ ਉਪਰਾਲੇ ਕਰੀਏ। ਇਸ ਦੌਰਾਨ ਜੰਗਲਾਤ ਰੇਜ ਅਫ਼ਸਰ ਬਲਜੀਤ ਸਿੰਘ ਕੰਗ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਤੋ ਇਲਾਵਾ ਅਧਿਕਾਰੀ, ਵਿਦਿਆਰਥੀ ਅਤੇ ਕਾਲਜ ਦਾ ਸਟਾਫ ਮੌਜੂਦ ਸੀ।


