ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਡਰ-18 ਜ਼ਿਲਾ ਪੱਧਰੀ ਖੇਡ ਮੁਕਾਬਲੇ ਆਰੰਭ

Tags: 

ਮੋਗਾ, 7 ਅਗਸਤ: (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਜਿਲਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਦੁਆਰਾ ਜਿਲਾ ਪੱਧਰ ਦੇ ਦੋ ਰੋਜ਼ਾ ਖੇਡ ਮੁਕਾਬਲੇ ਅੰਡਰ-18 ਸਾਲ ਲੜਕੇ ਅਤੇ ਲੜਕੀਆਂ ਦਾ ਆਗਾਜ ਗੁਰੂ ਨਾਨਕ ਕਾਲਜ ਵਿਖੇ ਬਹੁਤ ਹੀ ਸ਼ਾਨੋ-ਸੌੌਕਤ ਨਾਲ ਕੀਤਾ ਗਿਆ। ਇਹ ਖੇਡ ਮੁਕਾਬਲੇ ਸ਼੍ਰੀ ਸੰਜੈ ਕੁਮਾਰ, ਆਈ.ਏ.ਐਸ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਤੇ ਸ਼੍ਰੀ ਰਾਹੁਲ ਗੁਪਤਾ, ਡਾਇਰੈਕਟਰ ਸਪੋਰਟਸ ਪੰਜਾਬ,ਚੰਡੀਗੜ ਦੀ ਰਹਿਨੁਮਾਈ ਹੇਠ ਸ਼ੁਰੂ ਹੋਏ ਜਿਸਦਾ ਅੱਜ ਸ਼੍ਰੀ ਸੰਦੀਪ ਹੰਸ, ਆਈ.ਏ.ਐਸ ਡਿਪਟੀ ਕਮਿਸ਼ਨਰ, ਮੋੋਗਾ ਨੇ ਉਦਘਾਟਨ ਕੀਤਾ।ਇਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਖ-ਵੱਖ 14 ਕਿਸਮਾਂ ਦੀਆਂ ਖੇਡਾਂ ਜਿਵੇ ਕਿ ਐਥਲੈਟਿਕਸ, ਫੁੱਟਬਾਲ, ਬਾਸਕਟਬਾਲ, ਕਬੱਡੀ (ਨੈਸ਼ਨਲ ਸਟਾਈਲ) ਵਾਲੀਬਾਲ, ਖੋ-ਖੋ, ਹੈਂਡਬਾਲ, ਬਾਕਸਿੰਗ, ਬੈਡਮਿੰਟਨ, ਜੁਡੋ, ਕੁਸ਼ਤੀ, ਰੋਲਰ ਸਕੇਟਿੰਗ, ਹਾਕੀ ਅਤੇ ਚੈਸ ਵਿਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਉਦਘਾਟਨੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਬਤੌੌਰ ਮੁੱਖ ਮਹਿਮਾਨ ਖਿਡਾਰੀ ਅਤੇ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਪ੍ਰੇਰਿਤ ਕੀਤਾ ਕਿ ਉਹ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ। ਉਨਾਂ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਸਿਰਫ ਜਿੱਤਣ  ਲਈ ਹੀ ਨਹੀ ਬਲਕਿ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਚੁਸਤ ਦਰੁਸਤ ਰੱਖਦੀਆਂ ਹਨ। ਉਨਾਂ ਕਿਹਾ ਕਿ ਖਿਡਾਰੀ ਖੇਡਾਂ ਜਰੀਏ ਖੇਡ ਕੋਟੇ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਵੀ ਪ੍ਰਾਪਤ ਕਰ ਸਕਦੇ ਹਨ। ਉਨਾਂ ਵਲੋਂ ਆਪਣੇ ਸੰਦੇਸ਼ ਵਿੱਚ ਸਰਕਾਰ ਦੀਆਂ ਖੇਡਾਂ ਪ੍ਰਤੀ ਬਣਾਈਆਂ ਪਾਲਿਸੀਆਂ ਦਾ ਜਿਕਰ ਕੀਤਾ। ਉਨਾਂ ਆਏ ਖਿਡਾਰੀਆਂ ਨੂੰ ਖੇਡ ਵਿਭਾਗ ਅਤੇ ਜਿਲਾ ਪ੍ਰਸਾਸਨ ਵੱਲੋ ਖੇਡਾਂ ਵਿੱਚ ਅੱਗੇ ਆਉਣ ਲਈ ਹਰ ਲੋੜੀਦੀ ਸਹਾਇਤਾ ਪ੍ਰਦਾਨ ਕਰਨ ਦਾ ਵੀ ਭਰੋਸਾ ਦਿਵਾਇਆ।  ਇਸ ਮੌਕੇ ਤੇ ਸ੍ਰੀ ਬਲਵੰਤ ਸਿੰਘ ਜਿਲਾ ਖੇਡ ਅਫਸਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਵਿਚੋ ਜੇਤੂ ਟੀਮਾਂ ਸਟੇਟ ਪੱਧਰ ਤੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਇਨਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਂਗਾ।