ਸੁਸ਼ਮਾ ਸਵਰਾਜ ਦਾ ਦੇਹਾਂਤ, ਦਿਲ ਦਾ ਦੌਰਾ ਪੈਣ ਉਪਰੰਤ ਏਮਜ਼ ਵਿੱਚ ਰਾਤ ਨੌਂ ਵਜੇ ਲਿਆ ਆਖ਼ਰੀ ਸਾਹ, ਭਾਜਪਾ ਸਮੇਤ ਸਾਰੀਆਂ ਪਾਰਟੀਆਂ ਵਿੱਚ ਸ਼ੋਕ ਦੀ ਲਹਿਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

ਮੋਗਾ ,6 ਅਗਸਤ (ਜਸ਼ਨ / INTERNATIONAL PUNJABI NEWS BUREAU):  ਭਾਰਤੀ ਰਾਜਨੀਤੀ ਵਿੱਚ ਉੱਚ ਮੁਕਾਮ ਹਾਸਲ ਕਰਨ ਵਾਲੀ ਸੁਸ਼ਮਾ ਸਵਰਾਜ ਬੀਤੀ ਰਾਤ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਈ । ਬੀਤੀ ਰਾਤ ਦਿਲ ਦਾ ਦੌਰਾ ਪੈਣ ਤੇ ਸੁਸ਼ਮਾ ਸਵਰਾਜ ਨੂੰ ਏਮਜ਼ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਜ਼ਿਕਰਯੋਗ ਹੈ ਕਿ ਕਿਡਨੀ ਟਰਾਂਸਪਲਾਂਟ ਉਪਰੰਤ ਸਿਹਤ ਪੱਖੋਂ ਨਾਸਾਜ਼ ਹੋਣ ਕਰਕੇ ਉਨ੍ਹਾਂ ਇਸ ਵਾਰ ਲੋਕ ਸਭਾ ਚੋਣ ਨਹੀਂ ਸੀ ਲੜੀ ।

ਸੁਪਰੀਮ ਕੋਰਟ ਵਿੱਚ ਵਕੀਲ ਵਜੋਂ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਿਆਂ ,ਸਿਆਸੀ ਪਾਰੀ ਵਿੱਚ ਸਿਖਰਾਂ ਛੋਹਣ ਵਾਲੀ , 7 ਵਾਰ ਸੰਸਦ ਮੈਂਬਰ ਰਹੀ ਸੁਸ਼ਮਾ ਸਵਰਾਜ ,2014 ਤੋਂ 2019 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹੀ ਅਤੇ ਆਪਣੀ ਕਾਰਜਸ਼ੈਲੀ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਵਰਗੀ ਇੰਦਰਾ ਗਾਂਧੀ ਤੋਂ ਬਾਅਦ ਉਹ ਦੂਸਰੀ ਭਾਰਤੀ ਮਹਿਲਾ ਸੀ ਜਿਸ ਨੇ ਵਿਦੇਸ਼ ਮੰਤਰੀ ਵਜੋਂ ਦੇਸ਼ ਦੀ ਅਗਵਾਈ ਕੀਤੀ । ਸੁਸ਼ਮਾ ਸਵਰਾਜ 1998 ਵਿੱਚ ਦਿੱਲੀ ਦੇ ਮੁੱਖ ਮੰਤਰੀ ਵੀ ਰਹੇ । ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵਿੱਚ ਸੁਸ਼ਮਾ ਸਵਰਾਜ ਸੂਚਨਾ ਅਤੇ ਪ੍ਰਸਾਰਨ ਮੰਤਰੀ ਵੀ ਰਹੀ। ਸੁਸ਼ਮਾ ਸਵਰਾਜ 15ਵੀਂ ਲੋਕ ਸਭਾ ਵਿੱਚ ਲੀਡਰ ਆਫ ਆਪੋਜ਼ੀਸ਼ਨ ਵੀ ਰਹੇ। ਸੁਸ਼ਮਾ ਸਵਰਾਜ 1977 ਵਿਚ ਚੌਧਰੀ ਦੇਵੀ ਲਾਲ ਦੀ ਜਨਤਾ ਪਾਰਟੀ ਵਾਲੀ ਸਰਕਾਰ ਵਿੱਚ ਹਰਿਆਣਾ ਦੀ ਕੈਬਨਿਟ ਮੰਤਰੀ ਵੀ ਰਹੀ ।ਮਹਿਜ 27 ਸਾਲ ਦੀ ਉਮਰ ਵਿੱਚ ਉਹ ਹਰਿਆਣਾ ਜਨਤਾ ਪਾਰਟੀ ਦੀ ਪ੍ਰਧਾਨ ਬਣੀ।

14 ਫਰਵਰੀ ਨੂੰ ਅੰਬਾਲਾ ਸ਼ਹਿਰ ਵਿੱਚ ਜਨਮੀ ਸੁਸ਼ਮਾ ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਰਹੀ ਅਤੇ ਲਾਅ ਦੀ ਡਿਗਰੀ ਹਾਸਲ ਕੀਤੀ । ਭਾਰਤੀਆਂ ਵਿੱਚ ਸੁਸ਼ੀਲ ਮਹਿਲਾ ਵਜੋਂ ਸਤਿਕਾਰੀ ਅਤੇ ਪਿਆਰੀ ਜਾਂਦੀ ਸੁਸ਼ਮਾ ਸਵਰਾਜ ਨੂੰ ਅਮਰੀਕਾ ਦੇ ਅਖਬਾਰ ਵਾਲ ਸਟ੍ਰੀਟ ਜਨਰਲ ਵੱਲੋਂ ‘‘ ਸਭ ਤੋਂ ਵੱਧ ਪਿਆਰੀ ਜਾਣ ਵਾਲੀ ਸਿਆਸੀ ਸ਼ਖ਼ਸੀਅਤ ’’  ਐਲਾਨਿਆ ਗਿਆ ਸੀ ।

ਜ਼ਿਕਰਯੋਗ ਹੈ ਕਿ ਕਿ ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਵੀ ਪੇਸ਼ੇ ਵਜੋਂ ਵਕੀਲ ਹਨ ਅਤੇ ਉਨ੍ਹਾਂ ਦੀ ਬੇਟੀ  ਵੀ ਵਕਾਲਤ ਦੇ ਪੇਸ਼ੇ ਨਾਲ ਜੁੜੀ ਹੋਈ ਹੈ।

ਬੀਤੀ ਰਾਤ ਨੌਂ ਵਜੇ ਉਨ੍ਹਾਂ ਆਖਰੀ ਸਾਹ ਲਿਆ ਅਤੇ ਇਸ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਮਾ ਸਵਰਾਜ ਦੇ ਦਿਹਾਂਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਭਾਰਤੀ ਕੌਮ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗੀ । ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਆਖਿਆ ਕਿ ਸੁਸ਼ਮਾ ਸਵਰਾਜ ਗਤੀਸ਼ੀਲ ਅਤੇ ਸੰਵੇਦਨਸ਼ੀਲ ਆਗੂ ਸੀ ਜਿਸ ਦੀ ਘਾਟ ਉਨ੍ਹਾਂ ਨੂੰ ਹਮੇਸ਼ਾ ਰੜਕਦੀ ਰਹੇਗੀ।
ਰਾਹੁਲ ਗਾਂਧੀ ਨੇ ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਸੁਸ਼ਮਾ ਸਵਰਾਜ ਉਹ ਅਸਾਧਾਰਨ ਆਗੂ ਸੀ ਜਿਸ ਨੇ ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ ਸਭ ਦਾ ਦਿਲ ਜਿੱਤਿਆ। ਸੁਸ਼ਮਾ ਸਵਰਾਜ ਦੇ 67 ਸਾਲ ਦੀ ਉਮਰ ਵਿੱਚ ਦੇਹਾਂਤ ਨਾਲ ਨਾ ਸਿਰਫ ਭਾਜਪਾ ਵਿੱਚ ਸ਼ੋਕ ਦੀ ਲਹਿਰ ਹੈ ਸਗੋਂ ਭਾਰਤੀ ਸਿਆਸਤ ਵਿੱਚ ਕਾਂਗਰਸ ਸਮੇਤ, ਹੋਰਨਾਂ ਪਾਰਟੀਆਂ ਨੇ ਵੀ ,ਸੁਸ਼ਮਾ ਸਵਰਾਜ ਦੇ ਦੇਹਾਂਤ ਤੇ ,ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ