ਆਜ਼ਾਦੀ ਦਿਵਸ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਵੰਡਿਆ ਜਾਵੇਗਾ ਇੱਕ-ਇੱਕ ਪੌਦਾ: ਅਨੀਤਾ ਦਰਸ਼ੀ

ਮੋਗਾ,6 ਅਗਸਤ: (ਜਸ਼ਨ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਦੇ ਅਧੀਨ ਜ਼ਿਲਾ ਪ੍ਰਸ਼ਾਸ਼ਨ ਵੱਲੋ 15 ਅਗਸਤ ਆਜ਼ਾਦੀ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਇੱਕ ਇੱਕ ਪੌਦਾ ਵੰਡਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਂਕਿ ਸਾਡਾ ਵਾਤਾਵਰਨ ਹਰਿਆ-ਭਰਿਆ ਬਣ ਸਕੇ।  ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅਨੀਤਾ ਦਰਸ਼ੀ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੇ ਅਗੇਤਰੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸਨ ਵੱਲੋ ਕੀਤਾ ਗਿਆ ਇਹ ਫੈਸਲਾ ਵਾਤਾਵਰਨ ਦੀ ਸ਼ੁੱਧਤਾ ਲਈ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਲੋਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਅਭਿਆਨਾਂ ਜਿਵੇ ਕਿ ‘ਪਾਣੀ ਬਚਾਓ ਪੈਸਾ ਪਾਓ‘, ‘ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ‘, ‘ਘਰ-ਘਰ ਹਰਿਆਲੀ‘,  ‘ਸਵੱਛ ਭਾਰਤ‘ ਅਤੇ ‘ਮਿਸ਼ਨ ਤੰਦਰੁਸਤ ਪੰਜਾਬ‘ ਆਦਿ ਬਾਰੇ ਜਾਣਕਾਰੀ ਦੇਣ ਲਈ ਝਾਕੀਆਂ ਕੱਢੀਆਂ ਜਾਣਗੀਆਂ ਅਤੇ ਸਟਾਲ ਵੀ ਲਗਾਏ ਜਾਣਗੇ। ਉਨਾਂ ਦੱਸਿਆ ਕਿ ਇਸ ਮੌਕੇ ‘ਤੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਤੇ ਪੀ.ਟੀ.ਸ਼ੋਅ ਪੇਸ਼ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ, ਸਕੂਲੀ ਵਿਦਿਆਰਥੀਆਂ ਦੇ ਬੈਂਡ ਤੇ ਐਨ.ਸੀ.ਸੀ.ਕੈਡਿਟਾਂ ਵੱਲੋਂ ਮਾਰਚ ਪਾਸਟ ਰਾਹੀਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਮੌਕੇ ਲੋੜਵੰਦ ਵਿਅਕਤੀਆਂ ਨੂੰ 8 ਟਰਾਈ ਸਾਈਕਲ, 7 ਸਿਲਾਈ ਮਸ਼ੀਨਾਂ  ਅਤੇ 4 ਵੀਹਲ ਚੇਅਰਜ਼ ਵੀ ਦਿੱਤੀਆਂ ਜਾਣਗੀਆਂ। ਉਨਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਇਸ ਰਾਸ਼ਟਰੀ ਸਮਾਰੋਹ ਦੇ ਪ੍ਰਬੰਧਾਂ ਲਈ ਜ਼ਿੰਮੇਵਾਰੀਆਂ ਸੌਂਪਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਆਜ਼ਾਦੀ ਦਿਵਸ ਸਮਾਰੋਹ ਨਾਲ ਸਬੰਧਤ ਕੰਮਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਜਿਕਰਯੋਗ ਹੈ ਕਿ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰੀਹਰਸਲਾਂ 7 ਅਗਸਤ ਤੋਂ 11 ਅਗਸਤ ਤੱਕ ਦਾਣਾ ਮੰਡੀ ਦੀ ਗਰਾਊਂਡ ਵਿੱਚ ਹੋਣਗੀਆਂ ਅਤੇ 13 ਅਗਸਤ ਨੂੰ ਫੁੱਲ ਡਰੈਸ ਤੇ ਅੰਤਿਮ ਰੀਹਰਸਲ ਹੋਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਲਾਲ ਵਿਸਵਾਸ਼ ਬੈਂਸ,  ਜ਼ਿਲਾ ਸਿੱਖਿਆ ਅਫ਼ਸਰ (ਸੈ) ਪ੍ਰਦੀਪ ਸ਼ਰਮਾ, ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ, ਕਾਰਜਕਾਰੀ ਸਿਵਲ ਸਰਜਨ ਅਰਵਿੰਦਰ ਸਿੰਘ ਗਿੱਲ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਜੇ.ਐਸ. ਚਾਹਲ, ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਆਦਿ ਹਾਜ਼ਰ ਸਨ।