ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ‘ਚ 1 ਤੋਂ ਲੈ ਕੇ 19 ਸਾਲ ਤੱਕ ਦੇ 2 ਲੱਖ ਤੋਂ ਵੱਧ ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਦਿੱਤੀ ਜਾਵੇਗੀ ਦਵਾਈ

ਮੋਗਾ,5 ਅਗਸਤ(ਜਸ਼ਨ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ( ਕਾਰਜਕਾਰੀ) ਡਾ ਅਰਵਿੰਦਰ ਪਾਲ ਸਿੰਘ ਗਿੱਲ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਮੋਗਾ ਵੱਲੋਂ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਡੀ ਵਾਰਮਿੰਗ ਦਿਵਸ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਮੋਗਾ ਡਾ  ਗਿੱਲ ਨੇ ਦੱਸਿਆ ਕਿ 8 ਅਗਸਤ ਨੂੰ ਸਮੂਹ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਸਿਹਤ ਵਿਭਾਗ ਵੱਲੋਂ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਜਿਲੇ ਦੇ 2,34,401 ਬੱਚਿਆਂ ਪੇਟ ਦੇ  ਕੀੜੇ ਖਤਮ ਕਰਨ ਵਾਲੀ ਗੋਲੀ ( ਐਲਬੈਡਾਜ਼ੋਲ) ਦੀ ਖੁਰਾਕ ਦਿੱਤੀ ਜਾਵੇਗੀ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਹਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ  ਇਹ ਖੁਰਾਕ ਹਰੇਕ ਬੱਚੇ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਖੁਰਾਕ ਕਿਸੇ ਵੀ ਬੀਮਾਰ ਜਾਂ ਖਾਲੀ ਪੇਟ ਵਾਲੇ ਬੱਚੇ ਨੂੰ ਨਹੀਂ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਚਬਾਉਣ ਵਾਲੀ ਐਲਬੈਡਾਜ਼ੋਲ ਗੋਲੀ 1 ਤੋਂ 2 ਸਾਲ ਤੱਕ ਅੱਧੀ ਗੋਲੀ ਚੂਰਾ ਕਰਕੇ ਅਤੇ 2 ਤੋਂ 19 ਸਾਲ ਤੱਕ ਇਕ ਪੂਰੀ ਗੋਲੀ ਦੇਣੀ ਹੈ ਪਰ ਜੇਕਰ ਕੋਈ ਵੀ ਬੱਚਾ ਵਾਝਾਂ ਰਹਿ ਜਾਂਦਾ ਹੈ ਤਾਂ ਉਸਨੂੰ ਮੋਪ ਅਪ ਰਾਊਡ ਵਿਚ 19 ਅਗਸਤ ਨੂੰ ਐਲਬੈਡਾਜੋਲ ਦੀ ਖੁਰਾਕ ਦਿੱਤੀ ਜਾਵੇਗੀ । ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਨੇੜਲੇ ਸਿਹਤ ਕੇਂਦਰ ‘ਚ ਸਿਹਤ ਵਿਭਾਗ ਦੇ ਕਰਮਚਾਰੀ ਨਾਲ ਸੰਪਰਕ ਕਰ ਸਕਦੇ ਹੋ।