ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਭੰਡੀ ਪ੍ਰਚਾਰ ਦਾ ਸਦਨ ਦੇ ਅੰਦਰ ਅਤੇ ਬਾਹਰ ਤਿੱਖੇ ਰੂਪ ’ਚ ਟਾਕਰਾ ਕਰਨ ਲਈ ਕਾਂਗਰਸੀ ਵਿਧਾਇਕਾਂ ਨੂੰ ਆਖਿਆ
ਚੰਡੀਗੜ, 2 ਅਗਸਤ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਜਲਿਆਂਵਾਲਾ ਬਾਗ ਦੇ ਮੁੱਦੇ ‘ਤੇ ਹਰਸਿਮਰਤ ਬਾਦਲ ਦੀ ਹੱਦੋਂ ਮਾੜੀ ਟਿੱਪਣੀ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੂੰ ਅਕਾਲੀਆਂ ਦੁਆਰਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦਾ ਹਮਲਾਵਰ ਤਰੀਕੇ ਨਾਲ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਇਥੇ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਜਲਿਆਂਵਾਲਾ ਬਾਗ ਟਰੱਸਟ ਦੇ ਸਥਾਈ ਮੈਂਬਰ ਦੇ ਅਹੁਦੇ ਤੋਂ ਹਟਾਉਣ ਸਬੰਧੀ ਕੇਂਦਰ ਦੇ ਬਿੱਲ ਖਿਲਾਫ ਕਾਂਗਰਸ ਦੇ ਵਿਰੋਧ ਦੀ ਹਰਸਿਮਰਤ ਵੱਲੋਂ ਕੀਤੀ ਗਈ ਆਲੋਚਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨਾਂ ਕਿਹਾ ਹੈ ਕਿ ਹਰਸਿਮਰਤ ਆਦਤਨ ਝੂਠੀ ਹੈ ਅਤੇ ਉਹ ਉਨਾਂ ਵਿਰੁੱਧ ਭੰਡੀ ਪ੍ਰਚਾਰ ਦੀ ਜੰਗ ਉਸੇ ਤਰਾਂ ਹਾਰ ਜਾਵੇਗੀ ਜਿਸ ਤਰਾਂ ਉਹ ਕੁਝ ਮਹੀਨੇ ਪਹਿਲਾਂ ਟਵਿੱਟਰ ਜੰਗ ਹਾਰ ਗਈ ਸੀ।
ਮੌਜੂਦਾ ਮੌਨਸੂਨ ਸੈਸ਼ਨ ਵਾਸਤੇ ਸਦਨ ਵਿੱਚ ਪਾਰਟੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਬੈਠਕ ਦੌਰਾਨ ਕੈਪਟਨ ਅਮਰਿੰਦਰ ਨੇ ਕਾਂਗਰਸੀ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਹਮਲੇ ਦੇ ਟਾਕਰੇ ਲਈ ਤਿੱਖੀ ਪਹੁੰਚ ਅਪਨਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੀਤੇ ਗਏ ਕਾਰਜਾਂ ਦੇ ਮੱਦੇਨਜ਼ਰ ਪਾਰਟੀ ਵਿਧਾਇਕਾਂ ਨੂੰ ਸਦਨ ਵਿੱਚ ਰੱਖਿਆਤਮਕ ਪਹੁੰਚ ਅਪਨਾਉਣ ਦੀ ਲੋੜ ਨਹੀਂ ਹੈ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਕੀਤੇ ਗਏ ਅਨੇਕਾਂ ਕਾਰਜਾਂ ਤੋਂ ਇਲਾਵਾ ਨਸ਼ਿਆਂ ਦਾ ਮੁਕਾਬਲਾ ਕਰਨ ਅਤੇ ਬਰਗਾੜੀ ਦੇ ਸਾਜਿਸ਼ ਕੇਸ ਵਿੱਚ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਸਰਗਰਮੀ ਨਾਲ ਕਾਰਜ ਕਰਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨਾਂ ਨੇ ਅੱਗੇ ਕਿਹਾ ਕਿ ਐਸ.ਟੀ.ਐਫ. ਅਤੇ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਾਤਮੇ ਲਈ ਵੱਡੀਆਂ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ। ਇਸ ਦੇ ਨਾਲ ਹੀ ਬਰਗਾੜੀ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਐਸ.ਆਈ.ਟੀ. ਦੋਸ਼ੀਆਂ ਦੀ ਤੇਜ਼ੀ ਨਾਲ ਘੇਰਾਬੰਦੀ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਰਗਾੜੀ ਮਾਮਲੇ ਵਿਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਪੂਰੀ ਤਰਾਂ ਨਾਪ੍ਰਵਾਨ ਕਰਨ ਯੋਗ ਹੈ ਕਿਉਂਕਿ ਇਸ ਨੇ ਜਾਂਚ ਦੇ ਕਈ ਅਹਿਮ ਪਹਿਲੂਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਜਿਨਾਂ ਨੂੰ ਐਸ.ਆਈ.ਟੀ. ਛੇਤੀ ਹੀ ਬੇਨਕਾਬ ਕਰ ਦੇਵੇਗੀ।
ਸੂਬੇ ਵਿੱਚ ਉਨਾਂ ਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਗੈਂਗਸਟਰਾਂ ਦਾ ਖਾਤਮਾ ਕਰ ਦਿੱਤਾ ਗਿਆ ਹੈ ਜਿਨਾਂ ਨੇ ਅਕਾਲੀ-ਭਾਜਪਾ ਸਾਸ਼ਨ ਦੌਰਾਨ ਲੋਕਾਂ ਨੂੰ ਬੁਰੀ ਤਰਾਂ ਡਰਾ ਕੇ ਰੱਖਿਆ ਸੀ।
ਸਾਲ 2022 ਦੀਆਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਇਕ ਵਾਰ ਫਿਰ ਤੋਂ ਭਾਰੀ ਜਿੱਤ ਪ੍ਰਾਪਤ ਹੋਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਭਲਾਈ ਲਈ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਉਨਾਂ ਪੰਜਾਬ ਦੇ ਨਾਗਰਿਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।
ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਨਪ੍ਰੀਤ ਬਾਦਲ ਨੇ 2022 ਦੀਆਂ ਚੋਣਾਂ ਲਈ ਪਾਰਟੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਆਧਾਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਮਨਪ੍ਰੀਤ ਬਾਦਲ ਨੇ ਵਿਧਾਇਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਵਿੱਤੀ ਸਮੱਸਿਆਵਾਂ ਦੇ ਬਾਵਜੂਦ ਉਨਾਂ ਦੇ ਹਲਕਿਆਂ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ ਜਾਣਗੇ।