ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਦੋ ਨੌਜਵਾਨ ਗਿ੍ਰਫਤਾਰ,ਮੋਗਾ ਪੁਲਿਸ ਦੀ ਵੱਡੀ ਪ੍ਰਾਪਤੀ
ਮੋਗਾ,31 ਜੁਲਾਈ (ਲਛਮਣਜੀਤ ਪੁਰਬਾ): ਅੱਜ ਮੋਗਾ ਪੁਲਿਸ ਨੇ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ। ਮੋਗਾ ਜ਼ਿਲੇ ਦੇ ਐਸ ਐਸ ਪੀ ਸ. ਅਮਰਜੀਤ ਸਿੰਘ ਬਾਜਵਾ ਦੀਆਂ ਹਦਾਇਤਾਂ ,ਸ. ਹਰਿੰਦਰਪਾਲ ਸਿੰਘ ਪਰਮਾਰ ਐੱਸ ਪੀ (ਆਈ) ਅਤੇ ਪਰਮਜੀਤ ਸਿੰਘ ਡੀ ਐਸ ਪੀ ਸਿਟੀ ਦੇ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਲੁੱਟਾਂ ਖੋਹਾਂ ਅਤੇ ਚੋਰੀਆਂ ਲਈ ਜ਼ਿੰਮੇਵਾਰ ਗਰੋਹਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੋਗਾ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਗਸ਼ਤ ਵਧਾਈ ਗਈ ਹੈ ਅਤੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ । ਪਰਮਜੀਤ ਸਿੰਘ ਡੀ ਐਸ ਪੀ ਸਿਟੀ ਨੇ ਅੱਜ ਥਾਣਾ ਸਿਟੀ ਮੋਗਾ ਵਿਚ ਵਿਸ਼ੇਸ਼ ਪੱਤਰਕਾਰ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਹਿਰ ਵਿਚ ਕੀਤੀ ਨਾਕਾਬੰਦੀ ਦੌਰਾਨ ਸਹਾਇਕ ਥਾਣੇਦਾਰ ਸ. ਸੁਖਜੀਤ ਸਿੰਘ ਅਤੇ ਉਨਾਂ ਨਾਲ ਪੁਲਿਸ ਪਾਰਟੀ ਨੇ ਦੁਸਾਂਝ ਰੋਡ ਤੇ ਨਾਕਾਬੰਦੀ ਕਰਕੇ ਦੋ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਜੋ ਬਿਨਾਂ ਨੰਬਰ ਮੋਟਰਸਾਈਕਲ ਤੇ ਸਵਾਰ ਸਨ। ਪੁੱਛਗਿੱਛ ਦੌਰਾਨ ਦੋਨਾਂ ਨੌਜਵਾਨਾਂ ਪਵਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੋਸਾ ਪਾਂਡੋ ਅਤੇ ਸਵਰਨ ਸਿੰਘ ਉਰਫ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੰਦਰ ਜ਼ਿਲਾ ਮੋਗਾ ਨੇ ਇੰਕਸ਼ਾਫ ਕੀਤਾ ਕਿ ਉਨਾਂ ਨੇ ਮੋਗਾ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ 7 ਮੋਟਰਸਾਈਕਲ ਚੋਰੀ ਕੀਤੇ ਹਨ । ਉਨਾਂ ਇਹ ਮੋਟਰਸਾਈਕਲ ਮੋਗਾ ਦੇ ਪਿੰਡ ਲੰਢੇ ਕੇ ਨੇੜਲੀ ਮੈਂਬਰ ਪਾਰਲੀਮੈਂਟ ਕੇਵਲ ਸਿੰਘ ਵਾਲੀ ਬਸਤੀ ਕੋਲ ਲੁਕੋ ਕੇ ਰੱਖੇ ਹੋਏ ਸਨ ਜੋ ਬਾਅਦ ਵਿੱਚ ਪੁਲਿਸ ਨੇ ਦੋਸ਼ੀਆਂ ਤੋਂ ਬਰਾਮਦ ਕਰ ਲਏ । ਇਸ ਸਬੰਧੀ ਥਾਣਾ ਸਿਟੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਲੰਢੇਕੇ ਪਿੰਡ ਦੀ ਮੈਂਬਰ ਪਾਰਲੀਮੈਂਟ ਕੇਵਲ ਸਿੰਘ ਵਾਲੀ ਬਸਤੀ ਦੇ ਐਨ ਨਜ਼ਦੀਕ ਫੌਜੀ ਛਾਉਣੀ ਹੈ ਜਿਸ ਦਾ ਵੱਡਾ ਰਕਬਾ ਬੇਅਬਾਦ ਪਿਆ ਹੈ ਅਤੇ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣ ਵਾਲਿਆਂ ਲਈ ਛਾਉਣੀ ਨੇੜਲੀ ਜਗਹ ਬੇਹੱਦ ਸੁਰੱਖਿਅਤ ਸਮਝੀ ਜਾਂਦੀ ਹੈ। ਇਸੇ ਇਲਾਕੇ ਵਿਚੋਂ ਪਹਿਲਾਂ ਵੀ ਜ਼ਰਾਇਮ ਪੇਸ਼ਾ ਵਿਅਕਤੀਆਂ ਵੱਲੋਂ ਟੋਏ ਵਿਚ ਪਰਾਲੀ ਹੇਠ ਲੁਕੋਏ ਮੋਟਰਸਾਈਕਲ ਪੁਲਿਸ ਬਰਾਮਦ ਕਰ ਚੁੱਕੀ ਹੈ। ਨਸ਼ੇ ਦੇ ਤਸਕਰਾਂ ਦੇ ਸ਼ੱਕ ਤਹਿਤ ਪਿਛਲੇ ਦਿਨੀਂ ਇਸੇ ਇਲਾਕੇ ਵਿਚ ਪੁਲਿਸ ਨੇ ਵੱਡੇ ਪੱਧਰ ’ਤੇ ਤਲਾਸ਼ੀ ਅਭਿਆਨ ਚਲਾਇਆ ਸੀ।