ਮੋਗਾ ਦੇ ਵਿਕਾਸ ਕਾਰਜਾਂ ‘ਚ ਗਤੀਸ਼ੀਲਤਾ ਲਿਆਉਣ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਸਮੂਹ ਕੌਂਸਲਰਾਂ ਨੂੰ ਸੁਹਿਰਦਤਾ ਨਾਲ ਸਹਿਯੋਗ ਦੇਣ ਦੀ ਕੀਤੀ ਅਪੀਲ
ਮੋਗਾ,30 ਜੁਲਾਈ (ਜਸ਼ਨ): ਮੋਗਾ ਵਿਖੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਮੋਗਾ ਹਲਕੇ ਦੇ ਵਿਕਾਸ ਲਈ ਸਿਰਜੇ ਸੁਪਨੇ ਪੂਰੇ ਕਰਨ ਲਈ ਕਾਂਗਰਸ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਸਮਰਪਿੱਤ ਹੋ ਕੇ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਹੀ ਮੋਗਾ ਸ਼ਹਿਰ ਦੇ ਵਿਕਾਸ ਲਈ ਨਿਗਮ ਵਿੱਚ ਬਹੁ ਗਿਣਤੀ ਮਤੇ ਪਾਸ ਹੋਏ ਅਤੇ ਕੰਮ ਸ਼ੁਰੂ ਹੋਏ। ਸ਼ਹਿਰ ਦੇ ਵਿਕਾਸ ਲਈ ਹੀ ਉਨਾਂ ਪੂਰੇ ਹਾਊਸ ਦਾ ਸਾਥ ਦੇ ਕੇ ਕੰਮਾਂ ਦੀ ਸ਼ੁਰੂਆਤ ਕਰਵਾਈ ਅਤੇ ਅੱਜ ਵੀ ਕੰਮਾਂ ਦੇ ਸ਼ੂਰੂ ਹੋਣ ਦੀ ਨਿਰੰਤਰਤਾ ਬਣੀ ਹੋਈ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਉਹ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਮੇਅਰ ਸਾਹਿਬ ਅਤੇ ਕੌਂਸਲਰਾ ਨੂੰ ਹਮੇਸ਼ਾ ਨਾਲ ਲੈ ਕੇ ਕੰਮ ਦੀ ਆਰੰਭਤਾ ਕਰਦੇ ਰਹੇ ਤਾਂ ਕਿ ਸੁਹਿਰਦਤਾ ਨਾਲ ਦਹਾਕਿਆਂ ਬੱਧੀ ਵਿਕਾਸ ਨੂੰ ਤਰਸਦੇ ਮੋਗਾ ਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਉਨਾਂ ਸ਼ਪੱਸ਼ਟ ਕਿਹਾ ਕਿ ਮੇਅਰ ਸ਼੍ਰੀ. ਅਕਸ਼ਿਤ ਜੈਨ, ਸਮੂਹ ਕੌਂਸਲਰ ਸਾਹਿਬਾਨ ਅਤੇ ਕਿਸੇ ਵੀ ਅਧਿਕਾਰੀ ਨਾਲ ਉਨਾਂ ਦਾ ਕੋਈ ਵੀ ਮਦਭੇਦ ਨਹੀਂ ਹੈ, ਹੋਰ ਤਾਂ ਹੋਰ ਜੇ ਕਿਸੇ ਦੇ ਮਨ ਵਿੱਚ ਕੋਈ ਭੁਲੇਖਾ ਜਾਂ ਵਹਿਮ ਹੈ ਵੀ ਤਾਂ ਉਹ ਉਸਨੂੰ ਦੂਰ ਕਰਕੇ ਸਿਰਫ਼ ਤੇ ਸਿਰਫ਼ ਮੋਗਾ ਹਲਕੇ ਦੇ ਵਿਕਾਸ ਲਈ ਸਮਰਪਿਤ ਹੋਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਨਿਗਮ ਅਤੇ ਪੀ.ਡਬਲਯੂ.ਡੀ. ਦੇ ਅਧਿਕਾਰ ਖੇਤਰ ਦਾ ਨਿਬੇੜਾ ਕਰਦਿਆਂ ਮੇਨ ਬਾਜਾਰ ਅਤੇ ਹੋਰਨਾਂ ਸੜਕਾਂ ਦੀ ਕਾਇਆ ਕਲਪ ਬਾਰਸ਼ਾ ਦੇ ਮੌਸਮ ਤੋਂ ਬਾਅਦ ਫੌਰਨ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੋਗਾ ਦੇ ਵਿਕਾਸ ਲਈ ਪਹਿਲਾਂ ਦੀ ਤਰਾਂ ਹੀ ਉਹ ਸਾਫ਼ਗੋਈ ਨਾਲ ਪੂਰੀ ਤਰਾਂ ਨਿਗਮ ਦੇ ਹਾੳੂਸ ਨਾਲ ਹਨ ਅਤੇ ਹਾੳੂਸ ਕਿਸੇ ਵੀ ਪ੍ਰੌਜੈਕਟ ਲਈ ਪੰਜਾਬ ਸਰਕਾਰ ਤੋਂ ਮਨਜੂਰੀ ਵਾਸਤੇ ਉਨਾਂ ਦੇ ਧਿਆਨ ਵਿੱਚ ਲਿਆਵੇਗਾ ਤਾਂ ਉਹ ਤੁਰੰਤ ਉਸਦਾ ਹੱਲ ਕਰਵਾਉਣਗੇ। ਉਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਉਹ ਸ਼ਹਿਰ ਦੇ ਸਮੂਹ ਕੌਸਲਰ ਸਾਹਿਬਾਨਾਂ ਨਾਲ ਇਸੇ ਹਫ਼ਤੇ ਮੀਟਿੰਗ ਕਰਨਗੇ ਅਤੇ ਸਮੂਹ ਕੌਂਸਲਰ ਸਾਹਿਬਾਨਾਂ ਦੇ ਘਰੋਂ ਘਰੀ ਸੱਦਾ ਪੱਤਰ ਭੇਜੇ ਜਾ ਰਹੇ ਹਨ ਤਾਂ ਕਿ ਪਹਿਲਾਂ ਦੀ ਤਰਾਂ ਕੌਂਸਲਰ ਸਾਹਿਬਾਨਾਂ ਨੂੰ ਬਣਦਾ ਮਾਣ ਸਤਿਕਾਰ ਦਿੰਦਿਆਂ ਉਨਾਂ ਦੇ ਵਾਰਡਾਂ ਦੀਆਂ ਸਮੱਸਿਆਵਾਂ ਲਈ ਢੁਕਵੇਂ ਯਤਨ ਕੀਤੇ ਜਾ ਸਕਣ। ਉਨਾਂ ਕਿਹਾ ਕਿ ਕੌਂਸਲਰ ਸਾਹਿਬਾਨਾਂ ਦੇ ਮੀਟਿੰਗ ਵਿੱਚ ਸ਼ਾਮਿਲ ਹੋਣ ਨਾਲ ਉਹ ਆਪੋ ਆਪਣੇ ਇਲਾਕੇ ਦੇ ਵਿਕਾਸ ਕਾਰਜ ਕਰਵਾਕੇ ਲੋਕਾਂ ਦੀਆਂ ਆਸਾ ਉਮੀਦਾ ਨੂੰ ਪੂਰੀਆਂ ਕਰ ਸਕਣਗੇ। ਉਨਾਂ ਕਿਹਾ ਕਿ ਇਸੇ ਹਫ਼ਤੇ ਉਹ ਨਗਰ ਨਿਗਮ ਦੇ ਮੇਅਰ ਸਾਹਿਬ ਅਤੇ ਕੌਂਸਲਰ ਸਾਹਿਬਾਨਾਂ ਨਾਲ ਸ਼ਹਿਰ ਦੇ ਵਿਕਾਸ ਕਾਰਜ ਖਾਸ ਕਰ ਸਾਫ਼ ਸਫਾਈ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨਾਂ ਕਿਹਾ ਕਿ ਉਨਾਂ ਦੇ ਬੇਨਤੀ ਕਰਨ ਤੇ ਐਮ.ਪੀ. ਮੁਹੰਮਦ ਸਦੀਕ ਨੇ ਫੋਰਲੇਨ ਦੇ ਮਾਮਲੇ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਉਠਾਇਆ ਹੈ ਅਤੇ ਉਹ ਲਗਾਤਾਰ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਰਾਬਤਾ ਬਣਾ ਕੇ ਰਾਹਤ ਲਈ ਯਤਨਸ਼ੀਲ ਹਨ। ਉਨਾਂ ਕਿਹਾ ਕਿ ਆਯੂਸ਼ ਹਸਪਤਾਲ, ਟਰੌਮਾ (ਐਮਰਜੈਂਸੀ) ਸੈਂਟਰ, ਰੀਗਲ ਸਿਨੇਮਾ ਦਾ ਕਮਿਉਨਿਟੀ ਸੈਂਟਰ ਪ੍ਰੌਜੈਕਟ, ਖੋਖਿਆ ਲਈ ਵੈਂਡਰ ਪਾਲਿਸੀ ਅਨੁਸਾਰ ਮੰਡੀ ਵਿੱਚ ਜਗਾਂ ਦੇ ਰਹੇ ਹਾਂ, ਸ਼ਹਿਰ ਲਈ 11000 ਐਲ.ਈ.ਡੀ. ਲਾਇਟਾਂ, ਕੂੜੇ ਕਰਕਟ ਦੇ ਨਿਪਟਾਰੇ ਲਈ 5 ਟ੍ਰੈਕਟਰ ਟ੍ਰਾਲੀਆਂ ਅਤੇ 200 ਦੇ ਕਰੀਬ ਰੇਹੜੀਆਂ, ਗਿੱਲਾ ਅਤੇ ਸੁੱਕੇ ਕੂੜੇ ਨੂੰ ਅਲੱਗ ਕਰਨ ਲਈ ਪ੍ਰੋਜੈਕਟ ਚਾਲੂ ਕਰਵਾਇਆ ਜਾਵੇਗਾ, ਸਕੂਲਾਂ ਦੇ ਬੁਨਿਆਦੀ ਢਾਂਚੇ ਲਈ ਗਰਾਂਟਾ, ਪਿੰਡਾਂ ਲਈ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਨ ਦੇ ਪ੍ਰੌਜੈਕਟ, ਛੱਪੜਾਂ, ਸੜਕਾਂ ਆਦਿ ਆਰੰਭ ਹੁੰਦਿਆਂ ਹੀ ਨਾ ਸਿਰਫ਼ ਮੋਗਾ ਸ਼ਹਿਰ ਦੀ ਕਾਇਆ ਕਲਪ ਹੋਵੇਗੀ, ਬਲਕਿ ਵਿਦਿਆਰਥੀਆਂ ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਹਾਸਿਲ ਹੋ ਸਕੇਗਾ। ਉਨਾਂ ਕਿਹਾ ਕਿ ਉਨਾਂ ਨੇ ਨਾ ਕਦੇ ਸੌੜੀ ਰਾਜਨੀਤੀ ਕੀਤੀ ਹੈ ਨਾ ਹੀ ਕਰ ਰਹੇ ਹਨ ਤੇ ਨਾ ਹੀ ਭਵਿੱਖ ਵਿੱਚ ਕਰਨਗੇ। ਉਨਾਂ ਕਿਹਾ ਕਿ ਉਹ ਦਿ੍ਰੜ ਸੰਕਲਪ ਹੋ ਕੇ ਮੋਗਾ ਹਲਕੇ ਦੀ ਨੁਹਾਰ ਬਦਲਣਗੇ ਪਰ ਇਸ ਕਾਰਜ ਲਈ ਮੇਅਰ ਸਾਹਿਬ, ਕੌਂਸਲਰ ਸਾਹਿਬਾਨ, ਅਧਿਕਾਰੀ, ਆਮ ਲੋਕ ਅਤੇ ਮੀਡੀਆ ਦੇ ਸਹਿਯੋਗ ਦੀ ਲੋੜ ਹੈ, ਜਿਸ ਲਈ ਕਿ ਮੈਂ ਪੂਰਨ ਆਸਵੰਦ ਹਾਂ।
ਇਸ ਮੌਕੇ ਕਾਂਗਰਸ ਦੇ ਸਿਟੀ ਪ੍ਰਧਾਨ ਵਿਨੋਦ ਬਾਂਸਲ,ਰਵਿੰਦਰ ਸਿੰਘ ਰਵੀ ਗਰੇਵਾਲ ਸੂਬਾ ਸਕੱਤਰ, ਆਤਮਾ ਨੇਤਾ ਚੇਅਰਮੈਨ ਵਰਕਿੰਗ ਕਮੇਟੀ ਮੋਗਾ, ਭਾਨੂੰ ਪ੍ਰਤਾਪ, ਗੁਰਵਿੰਦਰ ਸਿੰਘ ਗੁੱਗੂ ਦਾਤਾ, ਧੀਰਜ ਕੁਮਾਰ ਸ਼ਰਮਾ, ਅਮਰਜੀਤ ਅੰਬੀ, ਜਗਜੀਤ ਸਿੰਘ ਜੀਤਾ ਚੇਅਰਮੈਨ, ਜਸਵਿੰਦਰ ਸਿੰਘ ਸ਼ਿੰਦਾ ਬਰਾੜ, ਜਗਦੀਪ ਸਿੰਘ ਜੱਗੂ, ਨਿਰਮਲ ਸਿੰਘ, ਪ੍ਰਵੀਨ ਕੁਮਾਰ ਮੱਕੜ, ਕੁਲਵਿੰਦਰ ਸਿੰਘ ਚੱਕੀਆਂ,ਜਗਸੀਰ ਸੀਰਾ ਚਕਰ ਅਤੇ ਜਤਿੰਦਰ ਅਰੋੜਾ ਆਦਿ ਹਾਜ਼ਰ ਸਨ।