ਪੰਜਾਬ ਸਰਕਾਰ ਸਕੂਲਾਂ ‘ਚ ਖੇਡ ਵਿੰਗਾਂ ਦੇ ਸੁਚਾਰੂ ਕੰਮਕਾਜ ਲਈ ਹਰੇਕ ਸਹੂਲਤ ਦੇਣ ਲਈ ਵਚਨਬੱਧ : ਰਾਣਾ ਗੁਰਮੀਤ ਸਿੰਘ ਸੋਢੀ
ਚੰਡੀਗੜ, 28 ਜੁਲਾਈ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ‘‘ਪੰਜਾਬ ਸਰਕਾਰ ਸੂਬੇ ਵਿਚਲੇ ਸਕੂਲਾਂ ਦੇ ਖੇਡ ਵਿੰਗਾਂ ਵਿੱਚ ਸਿਖਲਾਈ ਲੈ ਰਹੇ ਖਿਡਾਰੀਆਂ ਨੂੰ ਹਰੇਕ ਸਹੂਲਤ ਦੇਣ ਅਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਬਿਹਤਰ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਲਈ ਪੂਰੀ ਤਰਾਂ ਵਚਨਬੱਧ ਹੈ।’’ ਅੱਜ ਜਾਰੀ ਇੱਕ ਪੈ੍ਰਸ ਬਿਆਨ ਵਿੱਚ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਖੇਡ ਵਿੰਗ ਪਾਰਦਰਸ਼ੀ ਅਤੇ ਕੁਸ਼ਲ ਢੰਗ ਨਾਲ ਚਲ ਰਹੇ ਹਨ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਸਮੂਹ 22 ਜ਼ਿਲਿਆਂ ਦੇ ਸਕੂਲਾਂ ਵਿੱਚ ਕੁੱਲ 167 ਵਿੰਗ ਸਥਾਪਿਤ ਕੀਤੇ ਗਏ ਹਨ ਜਿਨਾਂ ਵਿੱਚ ਖਿਡਾਰੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ 2019-20 ਦੇ ਸ਼ੈਸ਼ਨ ਲਈ ਇਨਾਂ ਵਿੰਗਾਂ ਵਿੱਚ 2830 ਵਿਦਿਆਰਥੀ/ਖਿਡਾਰੀਆਂ ਦੇ ਦਾਖ਼ਲੇ ਦੀ ਮਨਜ਼ੂਰੀ ਦਿੱਤੀ ਗਈ ਹੈ। ਰਾਣਾ ਸੋਢੀ ਨੇ ਦੱਸਿਆ ਕਿ ਖਿਡਾਰੀਆਂ ਨੂੰ ਪੌਸ਼ਟਿਕ ਅਤੇ ਮਿਆਰੀ ਆਹਾਰ ਦੇਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਮੰਤਵ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਵਿੱਚ ਸਬੰਧਤ ਜ਼ਿਲਾ ਖੇਡ ਅਫ਼ਸਰ, ਸਬੰਧਤ ਸਕੂਲ/ਵਿੰਗ ਦਾ ਪਿ੍ਰਸੀਪਲ/ਇੰਨਚਾਰਚ ਅਤੇ ਸਬੰਧਤ ਖੇਡ ਦੇ ਕੋਚ ਦੇ ਨਾਲ 2 ਸੀਨੀਅਰ ਖਿਡਾਰੀਆ ਨੂੰ ਸ਼ਾਮਲ ਕੀਤਾ ਗਿਆ ਹੈ। ਉਨਾਂ ਸਬੰਧਤ ਜ਼ਿਲਾ ਖੇਡ ਅਫ਼ਸਰ ਦੁਆਰਾ ਹਰੇਕ ਮਹੀਨੇ ਦੀ 10 ਤਾਰੀਖ਼ ਤੱਕ ਡਾਈਟ ਨਾਲ ਸਬੰਧਤ ਬਿੱਲ ਮੁੱਖ ਦਫ਼ਤਰ ਵਿਖੇ ਭੇਜਣ ਦੇ ਨਿਰਦੇਸ਼ ਵੀ ਦਿੱਤੇ। ਖੇਡ ਮੰਤਰੀ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਇਨਾਂ ਖੇਡ ਵਿੰਗਾਂ ਦੀ ਨਿਯਮਤ ਸਮੇਂ ’ਤੇ ਜਾਂਚ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵਿੰਗ ਸੁਚਾਰੂ ਅਤੇ ਕਾਰਗਰ ਢੰਗ ਨਾਲ ਚਲ ਰਹੇ ਹਨ। ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵਿੱਚ ਸ਼ਾਮਲ ਕਰਨ ਬਾਰੇ ਨੀਤੀ ਦੀ ਪਾਲਣਾ ਤਹਿਤ ਇਨਾਂ ਵਿੰਗ ਪਿੱਛੇ ਦੇ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਸਿਖਲਾਈ ਦੇਣ ਦੇ ਉਦੇਸ਼ ’ਤੇ ਚਾਨਣਾ ਪਾਉਂਦਿਆਂ ਖੇਡ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਜਲਦ ਹੀ ਖੇਡ ਖੇਤਰ ਵਿੱਚ ਆਪਣੀ ਸ਼ਾਨ ਮੁੜ ਬਹਾਲ ਕਰੇਗਾ।