ਮਾੜੀ ਕਾਰਗੁਜ਼ਾਰੀ ਵਾਲੇ ਡੀਐੱਸਪੀ ਤੇ ਥਾਣੇਦਾਰ ਤਿਮਾਹੀ ਸਮੀਖਿਆ ਦੌਰਾਨ ਨੌਕਰੀ ਤੋਂ ਹੋਣਗੇ ਬਾਹਰ,ਅਪਰਾਧੀਆਂ ਤੇ ਤਸਕਰਾਂ ਨਾਲ ਸਾਂਝ ਰੱਖਣ ਵਾਲੇ ਮੁਲਾਜਮ ਬਖਸ਼ੇ ਨਹੀਂ ਜਾਣਗੇ : ਡੀਜੀਪੀ ਦਿਨਕਰ ਗੁਪਤਾ ਦੀ ਚਿਤਾਵਨੀ

ਚੰਡੀਗੜ 27 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :   ਪੰਜਾਬ ਪੁਲੀਸ ਲਈ ਆਪਣੀਆਂ ਪਹਿਲਤਾਵਾਂ ਲਾਗੂ ਕਰਦਿਆਂ ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਜ਼ਿਲਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ ਅਤੇ ਹੋਰ ਖੇਤਰੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਅੱਤਵਾਦ ਵਰਗੇ ਅਪਰਾਧਾਂ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਪੰਜਾਬ ਪੁਲੀਸ ਦਾ ਮੁੱਖ ਏਜੰਡਾ ਹੈ ਅਤੇ ਇਸ ਕੰਮ ਵਿੱਚ ਢਿੱਲ ਵਰਤਣ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਰਾਜ ਪੱਧਰੀ ਮੀਟਿੰਗ ਵਿੱਚ ਏਡੀਜੀਪੀ ਐਸਟੀਐਫ ਅਤੇ ਐਸਟੀਐਫ ਦੇ ਹੋਰ ਅਧਿਕਾਰੀ ਵੀ ਹਾਜਰ ਸਨ।ਅੱਜ ਇੱਥੇ ਪੰਜਾਬ ਪੁਲਿਸ ਦੀ ਮੀਟਿੰਗ ਦੌਰਾਨ ਡੀਜੀਪੀ ਨੇ ਖੇਤਰੀ ਅਧਿਕਾਰੀਆਂ ਨੂੰ ਕਿਹਾ ਕਿ ਰਾਜ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਉਹ ਐਸਟੀਐਫ ਨਾਲ ਇੱਕ ਟੀਮ ਵਜੋਂ ਮਿਲ ਕੇ ਕੰਮ ਕਰਨ। ਉਨਾਂ ਜ਼ਿਲਾ ਪੁਲਿਸ ਮੁਖੀਆਂ ਨੂੰ ਇਸ ਮੁਹਿੰਮ ਖ਼ਿਲਾਫ਼ ਕਾਰਵਾਈ ਕਰਨ ਲਈ ਰਣਨੀਤਿਕ ਯੋਜਨਾ ਅਨੁਸਾਰ ਕੰਮ ਕਰਨ ਲਈ ਕਿਹਾ। ਉਨਾਂ ਅਫਸਰਾਂ ਨੂੰ ਕਿਹਾ ਕਿ ਉਹ ਐੱਨਡੀਪੀਐੱਸ ਕਾਨੂੰਨ ਤਹਿਤ ਤਸਕਰਾਂ, ਛੋਟੇ ਨਸ਼ਾ ਵਿਕਰੇਤਾਵਾਂ ਅਤੇ ਭਗੌੜੇ ਅਪਰਾਧੀਆਂ ਨੂੰ ਗਿ੍ਰਫਤਾਰ ਕਰਕੇ ਬਿਹਤਰ ਤਫਤੀਸ਼ ਸਦਕਾ ਉਨਾਂ ਤੋਂ ਨਸ਼ਿਆਂ ਦੀ ਬਰਾਮਦਗੀ ਕਰਨ। ਉਨਾਂ ਪੁਲਿਸ ਅਧਿਕਾਰੀਆਂ ਨੂੰ ਅਦਾਲਤਾਂ ਵਿੱਚ ਚੱਲਦੇ ਮੁਕੱਦਮਿਆਂ ਦੀ ਢੁੱਕਵੀਂ ਪੈਰਵਾਈ ਕਰਨ ਅਤੇ ਅਪਰਾਧੀਆਂ ਵੱਲੋਂ ਤਕਨੀਕੀ ਖਾਮੀਆਂ ਦਾ ਆਸਰਾ ਲੈ ਕੇ ਜ਼ਮਾਨਤ ਕਰਵਾਉਣ ਵਿਰੁੱਧ ਧਿਆਨ ਦੇਣ ਲਈ ਕਿਹਾ। ਇਸ ਤੋਂ ਇਲਾਵਾ ਉਨਾਂ ਨਸ਼ਾ ਤਸਕਰਾਂ ਦੇ ਫੜੇ ਜਾਣ ਉਤੇ ਉਨਾਂ ਦੀ ਗਹਿਨ ਜਾਂਚ ਕਰਨ ਲਈ ਵੀ ਕਿਹਾ ਤਾਂ ਜੋ ਉਸ ਦੇ ਸਪਲਾਇਰ ਅਤੇ ਉਸ ਤੋਂ ਖਰੀਦਣ ਵਾਲਿਆਂ ਦੀ ਤਹਿ ਤੱਕ ਜਾਇਆ ਜਾ ਸਕੇ ।ਐਨਡੀਪੀਐਸ ਮਾਮਲਿਆਂ ਵਿੱਚ ਜਾਂਚ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਡੀਜੀਪੀ ਪੰਜਾਬ ਨੇ ਡਾਇਰੈਕਟਰ ਪੰਜਾਬ ਬਿਓਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਨੂੰ ਅਗਲੇ ਦੋ ਮਹੀਨਿਆਂ ਵਿਚ ਸਮੂਹ ਸਬ-ਡਵੀਜ਼ਨਲ ਡੀਐਸਪੀਜ਼ ਅਤੇ ਐਸਐਚਓਜ਼ ਲਈ ਇਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕਰਨ ਲਈ ਕਿਹਾ। ਉਨਾਂ ਡਾਇਰੈਕਟਰ ਬੀ.ਓ.ਆਈ. ਨੂੰ ਐਨ.ਆਈ.ਏ. ਅਤੇ ਸੀ.ਬੀ.ਆਈ. ਦੇ ਸਹਿਯੋਗ ਨਾਲ ਡਿਜੀਟਲ ਸਬੂਤਾਂ ਦੀ  ਰਿਕਾਰਡਿੰਗ ਸਬੰਧੀ ਜਾਂਚ ਅਧਿਕਾਰੀਆਂ ਲਈ ਸਿਖਲਾਈ ਕੋਰਸਾਂ ਦਾ ਆਯੋਜਨ ਕਰਨ ਲਈ ਵੀ ਆਖਿਆ।ਡੀਜੀਪੀ ਨੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਚਰਚਿਤ ਪ੍ਰਮੁੱਖ ਥਾਵਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਦਿਨਕਰ ਗੁਪਤਾ ਨੇ ਕਿਹਾ ਕਿ “ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਪ੍ਰਭਾਵਸ਼ਾਲੀ ਛਾਪੇਮਾਰੀ ਕਰਨ ਲਈ ਜਿਲਾ ਫਲਾਇੰਗ ਸਕੁਐਡ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਕਿ ਬਦਨਾਮ ਅਪਰਾਧੀਆਂ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ।” ਉਨਾਂ ਆਈਜੀ/ਡੀਆਈਜੀ ਰੇਂਜ ਨੂੰ ਹਰ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਨੂੰ ‘ਨਸ਼ਿਆਂ ਵਿਰੁੱਧ ਮੁਹਿੰਮ’ ਦੀ ਮਹੀਨਾਵਾਰ ਸਮੀਖਿਆ ਕਰਨ ਦੀ ਸਲਾਹ ਦਿਤੀ। ਉਨਾਂ ਕਿਹਾ ਕਿ ਐਸਟੀਐਫ ਅਧਿਕਾਰੀਆਂ ਨੂੰ ਇਨਾਂ ਸਮੀਖਿਆ ਮੀਟਿੰਗ ਵਿੱਚ ਸੱਦਿਆ ਜਾਵੇ।ਮੀਟਿੰਗ ਦੌਰਾਨ ਏ.ਡੀ.ਜੀ.ਪੀ. ਐਸ.ਟੀ.ਐਫ. ਹਰਪ੍ਰੀਤ ਸਿੰਘ ਸਿੱਧੂ ਨੇ ਸਮੂਹ ਸੀਨੀਅਰ ਫੀਲਡ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਨਸ਼ਿਆਂ ਦੀ ਸਪਲਾਈ ‘ਤੇ ਕਾਬੂ ਪਾਉਣ ਅਤੇ ਸਪਲਾਈ ਲੜੀ ਨੂੰ ਤੋੜਨ ਲਈ ਐਸਐਚਓਜ਼ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਸ਼ਾ ਤਸਕਰਾਂ/ਸਪਲਾਇਰਾਂ ਖਿਲਾਫ ਸਖਤ ਕਾਰਵਾਈ ਕਰਨ। ਉਨਾਂ ਅਧਿਕਾਰੀਆਂ ਨੂੰ ਮੁਹੱਲਾ ਪੱਧਰ ’ਤੇ  ਨਸ਼ਿਆਂ ਦੀ ਰੋਕਥਾਮ ਲਈ ਧਿਆਨ ਕੇਂਦਰਤ ਕਰਨ ਲਈ ਕਿਹਾ ਅਤੇ ਹਰੇਕ ‘ਜ਼ੈਲ‘ (ਪਿੰਡਾਂ ਦੇ ਸਮੂਹ) ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਦਾ ਸੁਝਾਅ ਵੀ ਦਿੱਤਾ ਜੋ ਪਿੰਡ ਪੱਧਰ ‘ਤੇ ਜਾਂਚ/ਪੁੱਛਗਿੱਛ ਲਈ ਖੇਤਰ ਵਿਚ ਕੰਮ ਕਰ ਰਹੇ ਡੀ.ਏ.ਪੀ.ਓਜ਼ ਦੇ ਸੰਪਰਕ ਵਿਚ ਹੋਣੇ ਚਾਹੀਦੇ ਹਨ।ਮੀਟਿੰਗ ਦੌਰਾਨ ਉਨਾਂ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ ਚੱਲ ਰਹੇ ਮਨੁੱਖੀ ਸ਼ਕਤੀ ਆਡਿਟ ਅਤੇ ‘ਪੁਲਿਸ ਥਾਣਿਆਂ ਵੱਲ ਵਾਪਸੀ ਮੁਹਿੰਮ’ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਡੀਜੀਪੀ ਪੰਜਾਬ ਨੇ ਜ਼ਿਲਿਆਂ ਵਿਚ ਜ਼ਿਲਾ ਪੱਧਰੀ ਵਿਸ਼ੇਸ਼ ਟੀਮਾਂ ਦੇ ਗਠਨ ਦੀ ਸਥਿਤੀ ਦਾ ਜਾਇਜ਼ਾ ਲਿਆ, ਜਿਵੇਂ ਕਿ ਜ਼ਿਲਾ ਸੋਸ਼ਲ ਮੀਡੀਆ ਟੀਮ (ਡੀਐਸਐਮਟੀ), ਜ਼ਿਲਾ ਸਾਈਬਰ ਟੀਮ (ਡੀਸੀਟੀ), ਜ਼ਿਲਾ ਜਾਂਚ ਟੀਮ (ਡੀਆਈਟੀ), ਜਿਨਸੀ ਸ਼ੋਸ਼ਣ ਪ੍ਰਤੀਕਿ੍ਰਆ ਟੀਮ ਆਦਿ। ਡੀਜੀਪੀ ਨੇ ਕਿਹਾ ਕਿ ਹਰ ਬੁੱਧਵਾਰ ਨੂੰ ਹਰ ਜ਼ਿਲੇ ਵਿਚ ਹਫਤਾਵਾਰੀ ਅਪਰਾਧ ਸਮੀਖਿਆ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ। ਉਨਾਂ ਰਾਜ ਵਿਚ ਜੁਰਮਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਖੇਤਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਜ ਵਿਚ ਅਣਸੁਲਝੇ ਕਤਲਾਂ ਸਮੇਤ ਵਾਹਨ ਖੋਹਣ ਅਤੇ ਸੜਕੀ ਅਪਰਾਧ ਰੋਕਣ ਲਈ ਵੀ ਕਿਹਾ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਡੀ.ਜੀ.ਪੀ. ਐਂਡ ਡਾਇਰੈਕਟਰ ਬੀ.ਓ.ਆਈ. ਪ੍ਰਬੋਧ ਕੁਮਾਰ, ਏ.ਡੀ.ਜੀ.ਪੀ. ਟਰੈਫਿਕ ਸ਼ਰਦ ਸੱ੍ਯਤਿਆ ਚੌਹਾਨ, ਏ.ਡੀ.ਜੀ.ਪੀ. ਪ੍ਰਸ਼ਾਸਨ ਗੌਰਵ ਯਾਦਵ, ਏ.ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ ਇਸ਼ਵਰ ਸਿੰਘ, ਏ.ਡੀ.ਜੀ.ਪੀ. ਆਈ.ਟੀ. ਐਂਡ ਟੀ ਕੁਲਦੀਪ ਸਿੰਘ, ਆਈ.ਜੀ. ਸੁਰੱਖਿਆ ਐਸ.ਕੇ. ਸਿੰਘ, ਸੀ.ਪੀ. ਅੰਮਿ੍ਰਤਸਰ ਐਸ.ਐਸ. ਸ੍ਰੀਵਾਸਤਵਾ, ਸੀ.ਪੀ. ਲੁਧਿਆਣਾ ਸੁਖਚੈਨ ਸਿੰਘ ਗਿੱਲ ਅਤੇ ਸਾਰੀਆਂ ਰੇਜਾਂ ਦੇ ਆਈ.ਜੀਜ਼ ਅਤੇ ਰਾਜ ਦੇ ਐਸ.ਐਸ.ਪੀਜ਼ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ