ਵਿਧਾਇਕ ਡਾ: ਹਰਜੋਤ ਕਮਲ ਨੇ ਬੌਧਿਕ ਤੌਰ ’ਤੇ ਦਿਵਿਆਂਗ ਬੱਚਿਆਂ ਦੇ ਸਪੈਸ਼ਲ ਓਲੰਪਿੰਕ ਭਾਰਤ ਮੁਕਾਬਲਿਆਂ ਵਾਸਤੇ ਟ੍ਰੇਨਿੰਗ ਪ੍ਰੋਗਰਾਮ ਦਾ ਕੀਤਾ ਉਦਘਾਟਨ

* ਬੌਧਿਕ ਤੌਰ ’ਤੇ ਦਿਵਿਆਂਗ ਬੱਚੇ ਨਾ ਸਿਰਫ਼ ਆਮ ਬੱਚਿਆਂ ਵਰਗੇ ਹਨ ਸਗੋਂ ਰੱਬ ਨੇ ਇਹਨਾਂ ਨੂੰ ਵਿਲੱਖਣ ਸਮਰੱਥਾਵਾਂ ਨਾਲ ਨਿਵਾਜਿਆ ਹੈ: ਡਾ: ਹਰਜੋਤ
ਮੋਗਾ,27 ਜੁਲਾਈ (ਜਸ਼ਨ): ਬੌਧਿਕ ਤੌਰ ’ਤੇ ਦਿਵਿਆਂਗ ਬੱਚਿਆਂ ਨੂੰ ਸਪੈਸ਼ਲ ਓਲੰਪਿੰਕ ਭਾਰਤ ਮੁਕਾਬਲਿਆਂ ਲਈ ਤਿਆਰੀ ਕਰਵਾਉਣ ਵਾਸਤੇ ਅੱਜ ਮੋਗਾ ਦੇ ਅੰਬਿਕਾ ਸਪੈਸ਼ਲ ਸਕੂਲ ਅਤੇ ਥਰੈਪਟਿਕ ਸੈਂਟਰ ਵਿਖੇ ਬੱਚਿਆਂ ਦੇ ਮਾਤਾ ਪਿਤਾ,ਉਹਨਾਂ ਦੇ ਅਧਿਆਪਕਾਂ ਅਤੇ ਕੋਚਾਂ ਨੂੰ ਟੇ੍ਰਨਿੰਗ ਦੇਣ ਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿਚ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਬੌਧਿਕ ਤੌਰ ’ਤੇ ਦਿਵਿਆਂਗ ਬੱਚਿਆਂ ਨਾਲ ਵਿਚਰਨਾ ਇਕ ਵਿਲੱਖਣ ਤਜ਼ਰਬਾ ਹੈ ਅਤੇ ਉਹਨਾਂ ਦੇ ਭਵਿੱਖ ਨੂੰ ਘੜਨਾ ਅਤੇ ਬੌਧਿਕ ਵਿਕਾਸ ਲਈ ਨਿਰੰਤਰ ਯਤਨ ਕਰਨਾ ਬੇਸ਼ੱਕ ਵੱਡੀ ਚੁਣੌਤੀ ਹੈ ਪਰ ਇਹਨਾਂ ਬੱਚਿਆਂ ਨਾਲ ਵਿਚਰਦਿਆਂ ਇਹ ਅਹਿਸਾਸ ਸਕੂਨ ਦੇਣ ਵਾਲਾ ਹੈ ਕਿ ਇਹ ਬੱਚੇ ਨਾ ਸਿਰਫ਼ ਆਮ ਬੱਚਿਆਂ ਵਰਗੇ ਹਨ ਸਗੋਂ ਰੱਬ ਨੇ ਇਹਨਾਂ ਨੂੰ ਵਿਲੱਖਣ ਸਮਰੱਥਾਵਾਂ ਨਾਲ ਨਿਵਾਜਿਆ ਹੈ। ਉਹਨਾਂ ਅੰਬਿਕਾ ਸਪੈਸ਼ਲ ਸਕੂਲ ਅਤੇ ਥਰੈਪਟਿਕ ਸੈਂਟਰ ਦੇ ਸੰਚਾਲਕ ਰਿੰਕਜ ਕੁਮਾਰ ਦੀ ਸ਼ਲਾਘਾ ਕਰਦਿਆਂ ਆਖਿਆ ਕਿ 2 ਤੋਂ 7 ਸਾਲ ਦੇ ਬੱਚਿਆਂ ਦੀ ਟ੍ਰੇਨਿੰਗ ਲਈ ਯੰਗ ਐਥਲੀਟ ਪ੍ਰੋਗਰਾਮ ਤਹਿਤ ਐਥਲੀਟਸ ਅਤੇ ਕੋਚਾਂ ਨੂੰ ਸਿੱਖਿਅਤ ਕਰਕੇ ਇਹਨਾਂ ਬੱਚਿਆਂ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਤਿਆਰ ਕਰਨ ਨਾਲ ਇਹ ਬੱਚੇ ਨਾ ਸਿਰਫ ਨਵੀਂਆਂ ਮੰਜ਼ਿਲਾਂ ਸਰ ਕਰਨਗੇ ਬਲਕਿ ਸਮਾਜ ਵਿਚ ਸਵੈਮਾਣ ਭਰਪੂਰ ਜ਼ਿੰਦਗੀ ਜਿਉਣ ਦੇ ਸਮਰੱਥ ਵੀ ਹੋ ਸਕਣਗੇ। ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਆਈਕੀਆ ਸੰਸਥਾ ਵੱਲੋਂ ਭੇਜੀਆਂ ਕਿੱਟਾਂ ਵੀ ਵੰਡੀਆਂ । ਇਸ ਮੌਕੇ ਡਾ: ਹਰਜੋਤ ਨੇ ਕੁਝ ਪਲ ਬੱਚਿਆਂ ਨਾਲ ਖੇਡਦਿਆਂ ਉਹਨਾਂ ਦੀਆਂ ਕੋਮਲ ਭਾਵਨਾਵਾਂ ਨੂੰ ਸਮਝਿਆ ਅਤੇ ਖੇਡਾਂ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਮਾਹਿਰਾਂ ਵੱਲੋਂ ਵਿਕਲਾਂਗ ਬੱਚਿਆਂ ਨੂੰ ਵੱਖ ਵੱਖ ਖੇਡਾਂ ਕਰਵਾ ਕੇ ਉਹਨਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਵਿਵਹਾਰਿਕ ਰੂਪ ਵਿਚ ਬੱਚਿਆਂ ਨੂੰ ਖਿਡਾਉਣ ਦੇ ਢੰਗ ਤਰੀਕੇ ਦੱਸੇ ਗਏ। ਇਸ ਮੌਕੇ ਰਿੰਕਜ ਕੁਮਾਰ ਨੇ ਦੱਸਿਆ ਕਿ ਅਥਲੈਟਿਕਸ, ਬਾਸਕਿਟਬਾਲ ,ਬੈਡਮਿੰਟਨ ,ਫੁੱਟਬਾਲ ,ਫੋਲਰਬਾਲ,ਫਲੋਰ ਹਾਕੀ ,ਹੈਂਡਬਾਲ ,ਟੇਬਿਲ ਟੈਨਿਸ ਅਤੇ ਵਾਲੀਬਾਲ ਆਦਿ ਖੇਡਾਂ ਲਈ ਕੋਚਾਂ ਨੂੰ ਨਿਰੰਤਰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਓਮਾ ਸ਼ੰਕਰ, ਐਡਵੋਕੇਟ ਹਰਪ੍ਰੀਤ ਸਿੰਘ ਗਿੱਲ,ਪ੍ਰੀਤਇੰਦਰ ਸਿੰਘ ਗਿੱਲ, ਭੂਸ਼ਣ ਕੁਮਾਰ ਅਤੇ ਪਤਵੰਤੇ ਹਾਜ਼ਰ ਸਨ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ