‘‘ਅਜੇ ਮੈਂ ਪਾਪਾ ਕਹਿਣਾ ਵੀ ਨਹੀਂ ਸੀ ਸਿੱਖਿਆ ਜਦੋਂ ਮੇਰਾ ਪਿਤਾ ਸ਼ਹੀਦ ਹੋਇਆ’’ ਕਾਰਗਿਲ ਸ਼ਹੀਦ ਜਿਉਣ ਸਿੰਘ ਦਾ ਪੁੱਤਰ ਆਖਦੈ ‘‘ਮਾਣ ਹੈ ਪਿਤਾ ਦੀ ਸ਼ਹਾਦਤ ’ਤੇ’’

ਮੋਗਾ,26 ਜੁਲਾਈ (ਜਸ਼ਨ): ਸ਼ਹੀਦਾਂ ਦੇ ਪਰਿਵਾਰਾਂ ਨੂੰ ਬੇਸ਼ੱਕ ਦੇਸ਼ਵਾਸੀ ਸਤਿਕਾਰ ਦਿੰਦੇ ਨੇ ਪਰ ਨੇੜਿਓਂ ਹੋ ਕੇ ਤੱਕੀਏ ਤਾਂ ਸ਼ਹਾਦਤ ਉਪਰੰਤ ਪਰਿਵਾਰ ਦੇ ਮੈਂਬਰਾਂ ਨੂੰ ਰੋਮ ਰੋਮ ‘ਚ ਵਸੇ ਦਰਦ ਨੂੰ ਤਮਾਮ ਉਮਰ ਸਹਿਣਾ ਪੈਂਦਾ ਹੈ । ਕਾਰਗਿਲ ਯੁੱਧ ਨੂੰ ਭਾਵੇਂ 20 ਸਾਲ ਹੋ ਚੱਲੇ ਨੇ ਪਰ ਸ਼ਹਾਦਤ ਦਾ ਜਾਮ ਪੀ ਗਏ ਵੀਰਾਂ ਦੇ ਪਰਿਵਾਰਾਂ ਦੇ ਜ਼ਖਮ ਅਜੇ ਵੀ ਰਿੱਸਦੇ ਨੇ । ਸ਼ਹੀਦ ਜਿਉਣ ਸਿੰਘ ਦੀ ਪਤਨੀ ਚਰਨਜੀਤ ਕੌਰ ਅਤੇ ਪੁੱਤਰ ਸੁਰਿੰਦਰ ਸਿੰਘ ਅੱਜ ਕਲ ਪਿੰਡ ਬਹਿਰਾਮ ਕੇ ਵਿਖੇ ਜੀਵਨ ਬਸਰ ਕਰ ਰਹੇ ਹਨ । ਇਸ ਪਰਿਵਾਰ ਦੀ ਕਹਾਣੀ ਵੀ ਲੂ ਕੰਡੇ ਖੜੇ ਕਰ ਦੇਣ ਵਾਲੀ ਹੈ । ਸ਼ਹੀਦ ਜਿਉਣ ਸਿੰਘ ਦੀ ਸ਼ਹਾਦਤ ਮੌਕੇ ਉਸ ਦੀ ਪਤਨੀ ਚਰਨਜੀਤ ਕੌਰ ਦੀ ਗੋਦ ਵਿਚ ਸਿਰਫ਼ 1 ਸਾਲ ਦਾ ਪੁੱਤਰ ਸੁਰਿੰਦਰ ਸੀ ਜਦੋਂ ਉਸ ਦੇ ਕਰਮਾਂ ਵਿਚ ਪਤੀ ਦੀ ਚਿਖਾ ਦੀ ਅਗਨੀ ਦਾ ਸੇਕ ਲਿਖਿਆ ਗਿਆ।  ਦੇਸ਼ ਅੱਜ ਵਿਜੇ ਦਿਵਸ ਮਨਾਉਂਦਿਆਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰ ਰਿਹੈ ਇਸੇ ਸੰਦਰਭ ਵਿਚ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੀ ਟੀਮ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਹਨਾਂ ਵੱਲੋਂ ਵਿਅਕਤ ਕੀਤੀਆਂ ਭਾਵਨਾਵਾਂ ਨਾਲ ਸਮੁੱਚੀ ਟੀਮ ਵੀ ਭਾਵੁਕ ਹੋ ਗਈ ਖਾਸਕਰ ਜਦੋਂ ਕਾਰਗਿਲ ਸ਼ਹੀਦ ਜਿਉਣ ਸਿੰਘ ਦੇ 20 ਸਾਲਾ ਪੁੱਤਰ ਨੇ ਆਖਿਆ ਕਿ ਜਦੋਂ ਮੇਰਾ ਪਿਤਾ ਸ਼ਹੀਦ ਹੋਇਆ ,ਮੈਂ ਮਹਿਜ਼ ਇਕ ਸਾਲ ਦਾ ਸੀ ਤੇ  ਅਜੇ ਮੈਂ ਪਾਪਾ ਕਹਿਣਾ ਵੀ ਨਹੀਂ ਸੀ ਸਿੱਖਿਆ । ਇਹ ਆਖਦਿਆਂ ਕਾਰਗਿਲ ਸ਼ਹੀਦ ਜਿਉਣ ਸਿੰਘ ਦੇ ਪੁੱਤਰ ਸੁਰਿੰਦਰ ਦਾ ਗੱਚ ਭਰ ਆਉਂਦੈ ਤੇ ਉਹ ਭਾਵੁਕ ਹੁੰਦਿਆਂ ਆਖਦੈ ਮੈਨੂੰ ਤਾਂ ਕਈ ਸਾਲਾਂ ਬਾਅਦ ਪਤਾ ਲੱਗਾ ਕਿ ਮੇਰਾ ਪਿਤਾ ਦੇਸ਼ ਲਈ ਸ਼ਹੀਦ ਹੋਇਆ।  ਦੇਸ਼ ਕੀ ਹੰੁਦੇ ਨੇ ਤੇ ਸਰਹੱਦਾਂ ’ਤੇ ਮਾਵਾਂ ਦੇ ਪੁੱਤ ਕਿਵੇਂ ਸ਼ਹੀਦ ਹੰੁਦੇ ਨੇ ਇਨਾਂ ਗੱਲਾਂ ਦੀ ਸਮਝ ਤਾਂ ਬੜੀ ਦੇਰ ਬਾਅਦ ਆਈ । ਉਹ ਆਖਦੈ ਕਿ ਉਸ ਨੂੰ ਤਾਂ ਆਪਣੇ ਪਿਤਾ ਦੀ ਸ਼ਹਾਦਤ ਦਾ ਪਤਾ ਉਸ ਸਮੇਂ ਲੱਗਾ ਕਿ ਜਦੋਂ ਉਹ ਸਕੂਲ ਪੜਨ ਲੱਗਿਆ ਅਤੇ ਹੋਰਨਾਂ ਬੱਚਿਆਂ ਦੇ ਪਿਤਾ ਸਕੂਲ ਆਉਂਦੇ । ਉਹ ਆਖਦੈ ਕਿ ਬੇਸ਼ੱਕ ਉਸ ਸਮੇਂ ਉਸ ਅੰਦਰ ਪਿਤਾ ਦੇ ਪਿਆਰ ਲਈ ਕਸਕ ਜਿਹੀ ਉੱਠਦੀ ਪਰ ਫਿਰ ਉਸ ਨੂੰ ਸ਼ਹਾਦਤ ਦੇ ਅਰਥ ਸਮਝ ਆਉਣ ਲੱਗੇ ਤੇ ਉਹ ਆਪਣੇ ਪਿਤਾ ਦੀ ਸ਼ਹਾਦਤ ’ਤੇ ਮਾਣ ਮਹਿਸੂਸ ਕਰਨ ਲੱਗਾ । ਉਹ ਆਖਦੈ ਮਲਾਲ ਇਹੀ ਹੈ ਕਿ ਪਿਤਾ ਦੀ ਸ਼ਕਲ ਵੀ ਚੇਤੇ ਵਿਚ ਨਹੀਂ ਹੈ ਤੇ ਇਹ ਵੀ ਕਸਕ ਰਹੇਗੀ ਉਮਰ ਭਰ ਕਿ ਮੈਂ ਆਪਣੇ ਪਿਤਾ ਨੂੰ ਕਦੇ ਪਾਪਾ ਕਹਿ ਕੇ ਪੁਕਾਰ ਨਹੀਂ ਸਕਿਆ ਤੇ ਨਾ ਹੀ ਪਿਤਾ ਦੀ ਗੋਦੀ ਤੇ ਜੱਫੀ ਦਾ ਅਹਿਸਾਸ ਹੀ ਮੇਰੇ ਨਸੀਬ ਵਿਚ ਰਿਹਾ ।  ਸ਼ਹੀਦ ਜਿਉਣ ਸਿੰਘ ਦੀ ਪਤਨੀ ਨੇ ਸਿਰੜ ਰੱਖਿਆ ਅਤੇ ਉਹ ਆਪਣੀ ਮਾਂ ਅਤੇ ਪਿਤਾ ਦੀ ਛਾਂ ਹੇਠ ਆਪਣੇ ਪੁੱਤ ਨੂੰ ਪਾਲਦੀ ਰਹੀ । ਨਿੱਤ ਦਿਨ ਵੱਡਾ ਹੰੁਦਾ ਤੱਕਦੀ ਹੌਸਲੇ ‘ਚ ਰਹੀ ਕਿ ਇਕ ਦਿਨ ਜਵਾਨ ਹੋਵੇਗਾ ਤੇ ਹੁਣ ਦੋ ਦਹਾਕਿਆਂ ਬਾਅਦ  ਉਸ ਦੀਆਂ ਆਸਾਂ ਨੂੰ ਬੂਰ ਪਿਆ ,ਹੁਣ ਉਸ ਦਾ ਪੁੱਤਰ ਭਰ ਜਵਾਨ ਹੈ ,ਬੀ ਐੱਡ ਕਰ ਰਿਹੈ । ਉਹ ਆਖਦੀ ਹੈ ਕਿ ਪਤੀ ਦੀ ਸ਼ਹਾਦਤ ਉਪਰੰਤ ਸਰਕਾਰ ਵੱਲੋਂ ਮਿਲੀ ਗੈਸ ਏਜੰਸੀ ਸਦਕਾ ਘਰ ਦਾ ਮੂੰਹ ਮੁਹਾਂਦਰਾ ਭਲੀਭਾਂਤ ਉਸਰ ਗਿਆ  ਹੈ ਪਰ ਹੁਣ ਉਹ ਚਾਹੰੁਦੀ ਹੈ ਕਿ ਉਸ ਦੇ ਪੁੱਤਰ ਨੂੰ ਯੋਗਤਾ ਮੁਤਾਬਕ ਸਰਕਾਰ ਕੋਈ ਸਰਕਾਰੀ ਨੌਕਰੀ ਜ਼ਰੂਰ ਦੇਵੇ।  ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -     
   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ