ਦਰਦਾਂ ਦੀ ਦਾਸਤਾਨ ਹੈ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਦਾ ਜੀਵਨ ਪਰ ਦੇਸ਼ ਨੂੰ ਮਾਣ ਹੈ ਸੂਰਮਿਆਂ ਦੀ ਸ਼ਹਾਦਤ ’ਤੇ, ਪਰਿਵਾਰ ਗਿਲਾ ਕਰਦੈ ‘‘ਸਰਕਾਰ ਵੱਲੋਂ ਹਸਪਤਾਲ ਅਤੇ ਲਾਇਬਰੇਰੀ ਬਣਾਉਣ ਦਾ ਵਾਅਦਾ ਦੋ ਦਹਾਕਿਆਂ ਬਾਅਦ ਵੀ ਵਫ਼ਾ ਨਹੀਂ ਹੋ ਸਕਿਆ’’
ਮੋਗਾ,26 ਜੁਲਾਈ (ਜਸ਼ਨ): ਸਾਡਾ ਦੇਸ਼ ਸਿਰਫ਼ ਆਜ਼ਾਦੀ ਮਿਲਣ ਵੇਲੇ ਹੀ ਨਹੀਂ ਟੁੱਟਿਆ ਬਲਕਿ ਦੇਸ਼ ਦੀ ਆਜ਼ਾਦੀ ਦੀ ਸਲਾਮਤੀ ਲਈ ਨਿਤ ਦਿਨ ਸਰਹੱਦਾਂ ’ਤੇ ਸ਼ਹੀਦ ਹੁੰਦੇ ਭਾਰਤੀ ਸਪੂਤਾਂ ਦੇ ਪਰਿਵਾਰਾਂ ਵਿਚ ਜੋ ਟੁੱਟ ਭੱਜ ਹੰੁਦੀ ਹੈ ਉਸ ਦੀ ਆਵਾਜ਼ ਸ਼ਾਇਦ ਸਾਡੇ ਕੰਨਾਂ ਤੱਕ ਨਈਂ ਅਪੜਦੀ । ਸ਼ਹੀਦ ਪਰਿਵਾਰ ਦੇ ਅੰਬਰੀ ਪੁੱਜਦੇ ਕੀਰਨੇ ਕੁਝ ਦਿਨ ਸਾਨੂੰ ਸੁਣਦੇ ਨੇ ,ਨਮ ਅੱਖਾਂ ਨਾਲ ਅਸੀਂ ਵੀ ਵੀਰਗਤੀ ਨੂੰ ਪ੍ਰਾਪਤ ਵੀਰਾਂ ਨੂੰ ਮੋਢਾ ਦੇ ਛੱਡਦੇ ਹਾਂ ਪਰ ਇਹਨਾਂ ਦੇ ਪਰਿਵਾਰਾਂ ਦੀ ਆਹਾਂ ਸਾਡੇ ਰੁਝੇਵਿਆਂ ਭਰੇ ਜੀਵਨ ਕਾਰਨ ਸਾਡੇ ਤੱਕ ਨਹੀਂ ਅਪੜਦੀਆਂ। ਬੀਤੀ ਸ਼ਾਮ ਅਸੀਂ ਪਹੁੰਚੇ ਸਾਂ ਮੋਗਾ ਜਲੰਧਰ ਰੋਡ ’ਤੇ ਸਥਿਤ ਪਿੰਡ ਭੋਇੰਪੁਰ ਦੇ ਸ਼ਹੀਦ ਗੁਰਚਰਨ ਸਿੰਘ ਦੇ ਧਰਮਕੋਟ ਵਿਚਲੇ ਘਰ ਅੰਦਰ । ਘਰ ਅੰਦਰ ਸ਼ਹੀਦ ਦੀ ਪਤਨੀ ਚਰਨਜੀਤ ਕੌਰ ਅਤੇ ਸ਼ਹੀਦ ਦੇ ਭਰਾ ਕਿਰਪਾਲ ਸਿੰਘ ਨੇ ਬੜੇ ਮਾਣ ਨਾਲ ਆਖਿਆ ਕਿ ਉਹਨਾਂ ਨੂੰ ਗੁਰਚਰਨ ਸਿੰਘ ਦੀ ਸ਼ਹਾਦਤ ’ਤੇ ਫ਼ਖਰ ਹੈ । ਉਹ ਆਖਦੇ ਨੇ ਕਿ ਸ਼ਹਾਦਤ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਨਾ ਸਿਰਫ਼ ਬਣਦਾ ਮਾਣ ਸਤਿਕਾਰ ਦਿੱਤਾ ਬਲਕਿ ਸਵੈਮਾਣ ਭਰਪੂਰ ਜ਼ਿੰਦਗੀ ਲਈ ਹਰ ਸਹਾਇਤਾ ਦਿੱਤੀ ਪਰ ਪਰਿਵਾਰ ਨੂੰ ਮਲਾਲ ਹੈ ਕਿ 26 ਜੁਲਾਈ ਵਿਜੇ ਦਿਵਸ ਵਜੋਂ ਦੇਸ਼ ‘ਚ ਮਨਾਇਆ ਜਾ ਰਿਹੈ ਪਰ ਗੁਰਚਰਨ ਸਿੰਘ ਨੇ ਸ਼ਹਾਦਤ ਦੇ ਕੇ ਦੁਸ਼ਮਣ ਦੇ ਦੰਦ ਖੱਟੇ ਕਰਨ ‘ਚ ਤਾਂ ਕਾਮਯਾਬੀ ਹਾਸਲ ਕੀਤੀ ਪਰ ਆਪਣਿਆਂ ਤੋਂ ਹਾਰ ਗਿਆ ਲੱਗਦੈ । ਉਹ ਆਖਦੇ ਨੇ ਕਿ ਸ਼ਹੀਦ ਦੇ ਭੋਗ ਵੇਲੇ ਪੰਜਾਬ ਸਰਕਾਰ ਵੱਲੋਂ ਪਹੰੁਚੇ ਜੋਰਾ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਨੇ 25 ਮੰਜਿਆਂ ਦਾ ਹਸਪਤਾਲ ਅਤੇ ਪਿੰਡ ਭੋਇਪੁਰ ਵਿਚ ਲਾਇਬਰੇਰੀ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਦੋ ਦਹਾਕਿਆਂ ਬਾਅਦ ਵੀ ਵਫ਼ਾ ਨਹੀਂ ਹੋ ਸਕਿਆ। ਸ਼ਹੀਦ ਗੁਰਚਰਨ ਸਿੰਘ ਦੀ ਯਾਦ ਵਿਚ ਪਿੰਡ ਫਿਰੋਜ਼ਵਾਲ ਬਾਡਾ ਤੋਂ ਭੋਇੰਪੁਰ ਤੱਕ ਜਾਂਦੀ ਸੜਕ ਦਾ ਨਾਮ ਸ਼ਹੀਦ ਗੁਰਚਰਨ ਸਿੰਘ ਮਾਰਗ ਰੱਖਿਆ ਗਿਆ । ਮਾਰਕੀਟ ਕਮੇਟੀ ਧਰਮਕੋਟ ਨੇ ਬੋਰਡ ਵੀ ਲਗਾ ਦਿੱਤੇ ਪਰ ਸਮੇਂ ਦੀ ਧੂੜ ਅਤੇ ਵਕਤ ਦੀਆਂ ਹਨੇਰੀਆਂ ਨੇ ਬੋਰਡ ਨੇਸਤੋਨਬੂਦ ਕਰ ਦਿੱਤੇ । ਵਿਕਾਸ ਦੇ ਦਮਗਜੇ ਮਾਰਨ ਵਾਲੀਆਂ ਸਰਕਾਰਾਂ ਅਤੇ ਸ਼ਹੀਦਾਂ ਦੇ ਸਤਿਕਾਰ ਦਾ ਦਮ ਭਰਨ ਦੇ ਐਲਾਨ ਕਰਨ ਵਾਲੇ ਪ੍ਰਸ਼ਾਸਨ ਤੇ ਇਸ ਹੇਠ ਕੰਮ ਕਰਨ ਵਾਲੇ ਵਿਭਾਗਾਂ ਨੂੰ ਮੁੜ ਸਮਾਂ ਹੀ ਨਹੀਂ ਮਿਲਿਆ ਕਿ ਉਹ ਸ਼ਹੀਦ ਦੇ ਨਾਮ ਦਾ ਬੋਰਡ ਮੁੜ ਤੋਂ ਬਣਾ ਸਕਣ ਤਾਂ ਕਿ ਲੋਕਾਂ ਦੇ ਚੇਤਿਆਂ ਵਿਚ ਸ਼ਹੀਦ ਗੁਰਚਰਨ ਸਿੰਘ ਵੱਸਦਾ ਰਹੇ ਅਤੇ ਲੋਕ ਅਹਿਸਾਸ ਕਰਨ ਕਿ ਕਿਸੇ ਨੌਜਵਾਨ ਨੇ ਸਾਡੇ ਪਰਿਵਾਰਾਂ ਦੀ ਸਲਾਮਤੀ ਲਈ ਆਪਣੀ ਕੁਰਬਾਨੀ ਦਿੱਤੀ ਸੀ । ਗੁਰਚਰਨ ਸਿੰਘ ਦੇ ਭਰਾ ਿਪਾਲ ਸਿੰਘ ਨੂੰ ਮਿਲਣ ’ਤੇ ਪਤਾ ਲੱਗਾ ਕਿ ਕਾਰਗਿਲ ਯੁੱਧ ਉਪਰੰਤ ਸਰਕਾਰ ਨੇ ਆਪਣੇ ਫਰਜ਼ ਨਿਭਾਉਂਦਿਆਂ ਪਰਿਵਾਰ ਲਈ ਮੋਗਾ ‘ਚ ਇਕ ਪੈਟਰੋਲ ਪੰਪ ਦਿੱਤਾ ਅਤੇ ਇਕ ਸਰਕਾਰੀ ਨੌਕਰੀ ਵੀ ਦਿੱਤੀ । ਸ਼ਹੀਦ ਦੀ ਪਤਨੀ ਚਰਨਜੀਤ ਕੌਰ ਜ਼ਿਆਦਾ ਪੜੀ ਲਿਖੀ ਨਾ ਹੋਣ ਕਾਰਨ ਉਸ ਨੇ ਸ਼ਹੀਦ ਗੁਰਚਰਨ ਸਿੰਘ ਦੇ ਛੋਟੇ ਭਰਾ ਿਪਾਲ ਸਿੰਘ ਨੂੰ ਸਰਕਾਰੀ ਨੌਕਰੀ ਦਿਵਾ ਦਿੱਤੀ ਜੋ ਹੁਣ ਬੀ ਡੀ ਓ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਸ਼ਹੀਦ ਦੇ ਪਰਿਵਾਰ ਦੀ ਹਿਰਦੇਵੇਦਕ ਕਹਾਣੀ ਏਥੋਂ ਹੀ ਸ਼ੁਰੂ ਹੰੁਦੀ ਹੈ । ਗੁਰਚਰਨ ਸਿੰਘ ਸ਼ਹੀਦ ਹੋਇਆ । ਉਸ ਦੇ ਮਾਤਾ ਪਿਤਾ ਅਤੇ ਸਮੁੱਚੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ । ਗੁਰਚਰਨ ਸਿੰਘ ਦਾ ਇਕ ਵੱਡਾ ਭਰਾ ਤੇ ਛੋਟਾ ਿਪਾਲ ਤੇ ਦੋ ਭੈਣਾਂ ਵੀ ਹਨ। ਸ਼ਹੀਦ ਗੁਰਚਰਨ ਸਿੰਘ ਦੇ ਤਿੰਨ ਸਾਲਾ ਪੁੱਤਰ ਅਤੇ ਪਤਨੀ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਸ਼ਹੀਦ ਗੁਰਚਰਨ ਸਿੰਘ ਦੇ ਛੋਟੇ ਭਰਾ ਿਪਾਲ ਸਿੰਘ (ਜੋ ਅਜੇ ਕੁੰਵਾਰਾ ਸੀ) ਨੇ ਆਪਣੇ ਵੱਡੇ ਭਰਾ ਸ਼ਹੀਦ ਗੁਰਚਰਨ ਸਿੰਘ ਦੀ ਪਤਨੀ ਨੂੰ ਸਤਿਕਾਰ ਦਿੰਦਿਆਂ ਉਸ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ ਅਤੇ ਸ਼ਹੀਦ ਦੇ ਤਿੰਨ ਸਾਲ ਦੇ ਪੁੱਤਰ ਦੀ ਪਰਵਰਿਸ਼ ਆਰੰਭੀ ਜੋ ਅੱਜ ਕੱਲ ਕਨੇਡਾ ਵਿਖੇ ਉੱਚ ਸਿੱਖਿਆ ਲੈ ਰਿਹੈ। ਵਿਆਹੁਤਾ ਜੀਵਨ ਦੌਰਾਨ ਦੋਹਾਂ ਨੂੰ ਇਕ ਹੋਰ ਪੁੱਤਰ ਨਸੀਬ ਹੋਇਆ ਜੋ ਹੁਣ 11 ਵੀਂ ਜਮਾਤ ਵਿਚ ਪੜ ਰਿਹਾ ਹੈ । ਪੁੱਤਰ ਦੀ ਯਾਦ ‘ਚ ਨਿੱਤ ਦਿਨ ਹੰਝੂਆਂ ਦੀ ਘੁੱਟ ਭਰਦੀ ਸ਼ਹੀਦ ਦੀ ਮਾਤਾ ਅਜੇ ਜਿਉਂਦੀ ਹੈ ਪਰ ਮਾਣ ਕਰਦੀ ਹੈ ਕਿ ਉਸ ਦੇ ਪੁੱਤ ਨੇ ਸ਼ਹਾਦਤ ਦੇ ਕੇ ਉਸ ਦੀ ਕੁੱਖ ਸੁਲੱਖਣੀ ਕੀਤੀ ਹੈ। ਜਿਸ ਦੇਸ਼ ਲਈ ,ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਯੋਧੇ ਕੁਰਬਾਨੀਆਂ ਦੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਰੰਜ ਹੈ ਕਿ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਹਾੜੇ ’ਤੇ ਅਕਸਰ ਪ੍ਰਸ਼ਾਸ਼ਨ ਉਹਨਾਂ ਨੂੰ ਸੱਦਾ ਦੇਣਾ ਭੁੱਲ ਜਾਂਦੈ। ਉਹ ਆਖਦੇ ਨੇ ਕਿ ਭਾਵੇਂ ਅਸੀਂ ਸਤਿਕਾਰ ਦੇ ਭੁੱਖੇ ਨਹੀਂ ਪਰ ਇਹ ਅਹਿਸਾਸ ਗਮਗੀਨ ਕਰ ਜਾਂਦੈ ਕਿ ਪ੍ਰਸ਼ਾਸਨ ਦੇ ਚੇਤਿਆਂ ਵਿਚੋਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਆਖਿਰ ਕਿਉਂ ਵਿਸਾਰ ਦਿੱਤੇ ਜਾਂਦੇ ਨੇ। ਸ਼ਹੀਦ ਗੁਰਚਰਨ ਸਿੰਘ ਦਾ ਛੋਟਾ ਭਰਾ ਆਖਦੈ ਕਿ ਇਹਨਾਂ ਸਮਾਗਮਾਂ ਵਿਚ ਜਦ ਤਿਰੰਗਾ ਲਹਿਰਾਇਆ ਜਾਂਦੈ ਤਾਂ ਉਸ ਨੂੰ ਤਿਰੰਗੇ ਹੇਠ ਖੜਾ ਉਸ ਦਾ ਭਰਾ ਦਿਖਾਈ ਦਿੰਦਾ ਹੈ ਜਿਸ ਨੇ ਆਪਣੇ ਸਾਥੀਆਂ ਸਮੇਤ ਕਾਰਗਿਲ ਦੀ ਪਹਾੜੀ ’ਤੇ ਤਿਰੰਗਾ ਲਹਿਰਾਉਣ ਲਈ ਆਪਣੀ ਜਾਨ ਨਿਛਾਵਰ ਕੀਤੀ ਸੀ ਅਤੇ ਆਪਣੇ ਖੂਨ ਨਾਲ ਤਿਰੰਗੇ ਦੇ ਕੇਸਰੀ ਰੰਗ ਨੂੰ ਹੋਰ ਗੂੜਾ ਕੀਤਾ ਸੀ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਸਮੁੱਚੀ ਟੀਮ ਕਾਰਗਿਲ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਦੇਸ਼ ਵਾਸੀਆਂ ਨੂੰ ਇਹਨਾਂ ਸ਼ਹਾਦਤਾਂ ਨੂੰ ਨਾ ਭੁੱਲ ਜਾਣ ਦੀ ਅਪੀਲ ਕਰਦੀ ਹੈ। ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ