ਜਦੋਂ ਲੁਧਿਆਣਾ ਮੋਗਾ ਫੋਰ ਲੇਨ ’ਤੇ ਹੋਏ ਹਾਦਸਿਆਂ ‘ਚ ਮਾਰੇ ਗਏ ਲੋਕਾਂ ਦਾ ਦਰਦ ਆਇਆ ਮੁਹੰਮਦ ਸਦੀਕ ਦੀ ਜ਼ੁਬਾਨ ’ਤੇ

ਮੋਗਾ,22 ਜੁਲਾਈ (ਜਸ਼ਨ): ਪਾਰਲੀਮਾਨੀ ਹਲਕਾ ਫਰੀਦਕੋਟ ਦੇ 9 ਵਿਧਾਨਸਭਾ ਹਲਕਿਆਂ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਹਿਲ ਦੇ ਆਧਾਰ ’ਤੇ ਅਭਿਆਨ ਚਲਾਇਆ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਰੀਦਕੋਟ ਦੇ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ ਨੇ ਮੋਗਾ ਵਿਖੇ ਸਿਟੀ ਕਾਂਗਰਸ ਪ੍ਰਧਾਨ ਵਿਨੋਦ ਬਾਂਸਲ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ । ਉਹਨਾਂ ਆਖਿਆ ਕਿ ਸਿੱਖਿਆ ਖੇਤਰ ਅਜਿਹਾ ਖੇਤਰ ਹੈ ਜਿੱਥੇ ਸਭ ਤੋਂ ਜ਼ਿਆਦਾ ਤਵੱਜੋਂ ਨਾਲ ਕੰਮ ਕਰਨ ਦੀ ਲੋੜ ਹੈ ਕਿਉਂਕਿ ਜੇ ਸਾਡੇ ਬੱਚੇ ਸਿੱਖਿਅਤ ਹੋਣਗੇ ਤਾਂ ਹੀ ਉਹ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣਗੇ। ਉਹਨਾਂ ਆਖਿਆ ਕਿ ਸਿਹਤ ਸਹੂਲਤਾਂ ਲਈ ਤਰਸਦੇ ਪੰਜਾਬੀਆਂ ਵਿਸ਼ੇਸ਼ਕਰ ਫਰੀਦਕੋਟ ਹਲਕੇ ਵਿਚ ਹਸਪਤਾਲਾਂ ਅੰਦਰ ਪਾਈਆਂ ਜਾ ਰਹੀਆਂ ਕਮੀਆਂ ਨੂੰ ਪੂਰਾ ਕਰਨ ਦੇ ਨਾਲ ਨਾਲ ਬਠਿੰਡਾ ਤੋਂ ਬਾਅਦ ਮੋਗਾ ਵਿਖੇ ਏਮਜ਼ ਹਸਪਤਾਲ ਲਿਆਉਣ ਲਈ ਉਹ ਪੂਰੀ ਤਰਾਂ ਯਤਨਸ਼ੀਲ ਹਨ । ਉਹਨਾਂ ਆਖਿਆ ਕਿ ਸੈਸ਼ਨ ਖਤਮ ਹੰੁਦਿਆਂ ਹੀ ਉਹ ਪਾਰਲੀਮਾਨੀ ਹਲਕੇ ਵਿਚ ਪੈਂਦੇ 9 ਵਿਧਾਨਸਭਾ ਹਲਕਿਆਂ ਦੇ ਵਿਧਾਨਕਾਰਾਂ ਦੀ ਰਾਇ ਨਾਲ ਵਿਕਾਸ ਕਾਰਜਾਂ ਲਈ ਪੂਰਾ ਸਮਾਂ ਸਮਰਪਿਤ ਰਹਿਣਗੇ। ਮੋਗਾ ਤਲਵੰਡੀ ਫੋਰ ਲੇਨ ’ਤੇ 700 ਤੋਂ ਵੀ ਵੱਧ ਹੋ ਚੁੱਕੇ ਹਾਦਸਿਆਂ ਅਤੇ ਕੀਮਤੀ ਜਾਨਾਂ ਦੇ ਅਜਾਈਂ ਜਾਣ ਦੇ ਸਵਾਲ ’ਤੇ ਸਦੀਕ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਇਸ ਮੁੱਦੇ ਬਾਰੇ ਵਿਸਥਾਰ ਵਿਚ ਦੱਸਣ ਉਪਰੰਤ ਹੀ ਉਹਨਾਂ ਨੇ ਲੋਕ ਸਭਾ ਵਿਚ ਇਹ ਮੁੱਦਾ ਉਠਾਇਆ ਹੈ ਅਤੇ ਉਹ ਪੂਰੇ ਯਤਨਾਂ ਨਾਲ ਇਸ ਮਸਲੇ ਦੇ ਹੱਲ ਨੂੰ ਅੰਜਾਮ ਤੱਕ ਪਹੁੰਚਾਉਣਗੇ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨਾਲ ਸੰਜੀਵ ਸ਼ਰਮਾ, ਰਾਮਪਾਲ ਧਵਨ, ਗੁਰਰਿੰਦਰ ਸਿੰਘ ਗੁੱਗੂ ਦਾਤਾ,ਤਿ੍ਰਨਵ ਬਾਂਸਲ,ਚਿਰਾਗ ਬਾਂਸਲ ਆਦਿ ਹਾਜ਼ਰ ਸਨ।